ਰੱਤੇ ਪੌਣਾਂ ਦਿਆਂ ਡੋਲ਼ਿਆਂ ‘ਚ, ਮਹਿਕਾਂ ਸਹੁਰੇ ਜਾਈਂ ਜਾਣ
ਘੁੰਡਾਂ ਸੂਹਿਆਂ ‘ਚੋਂ ਝਾਈ ਜਾਣ, ਸੁੱਚੇ ਹੰਝੜੂ ਛੁਪਾਓਣ ਨੂੰ,
ਬਾਪੂ ਅੰਬਰ ਵੀ ਰੋਏ, ਕੋਸੇ ਹੰਝੂਆਂ ਦੇ ਸੋਏ,
ਵਣ-ਦਾੜ੍ਹੀ ‘ਚ ਲਕੋਏ
ਭਿੱਜੀ ਧਰਤੀ ਦੀ ਚੁੰਨੀ, ਮਾਂ ਜਲੋ-ਜਲ ਰੁੰਨੀ,
ਰੀਤ ਡੁੱਬੜੀ ਨਿਭਾਓਣ ਨੂੰ।
ਕਰੀਰੀਂ ਫਸੀਆਂ ਨੇ ਲੌਣਾਂ, ‘ਤਾਂਹ ਚੁੱਕ ਲਈਆਂ ਧੌਣਾਂ
ਪਾਓਣ ਪੱਤਰ-ਵਲ਼ੇਟੇ, ਘੜੀ ਅੱਜ ਦੀ ਲੰਘਾਓਣ ਨੂੰ,
ਧੁੱਪਾਂ ਦੇ ਦੁਪੱਟੇ ਲੈ ਕੇ, ਰੁੱਤਾਂ ਵਰੋਸਾਏ ਗੀਤ,
ਕਾਸ਼ਨੀ ਜਿਹੇ ਆਏ ਗੀਤ, ਸਲਾਮ-ਬੋਸੇ ਦੇਣ ਨੂੰ।
ਨਦੀ ਦਿਆਂ ਤੱਟਾਂ ਉੱਤੇ ਚਾਨਣੀਆਂ ਨਹਾਈਂ ਜਾਣ,
ਵਾਸ਼-ਵਟਣੇ ਘਸਾਈਂ ਜਾਣ, ਛਈ ਮੰਗਣੀ ਕਰਾਓਣ ਨੂੰ,
ਸਾਵੇ-ਸਰੂਆਂ ਦਾ ਲਾ ਕੇ ਸੰਨ੍ਹ, ਘੱਗਰੇ ਚੁਰਾਵੇ ਚੰਨ,
ਤਾਰੇ ਮਛਲੋਰ, ਸਾਰੇ ਬਣੇ ਹਮਚੋਰ, ਹੁੱਜ ਹੱਲਾ-ਸ਼ੇਰੀ ਦੇਣ ਨੂੰ।
ਸ਼ਰੀਂਹ, ਸਣ ਤੇ ਸਰੇਟ, ਦੇਣ ਝਾਂਜਰਾਂ ਦੇ ਮੇਚ,
ਕੂਕੀ ਟਿੱਬਿਆਂ ਦੀ ਰੇਤ, ਮਲਈ ਛੰਦ ਗਾਓਣ ਨੂੰ
ਦੱਭ ਦੀਆਂ ਫੰਭੀਆਂ ਨੂੰ, ਜੋਬਨਾਂ ਦਾ ਚੰਭ ਚੜੇ,
ਹੋਈਆਂ ਨੇ ਉਤਾਰੂ, ਗਲ਼ੇ ਬੱਦਲਾਂ ਨੂੰ ਲਾਓਣ ਨੂੰ।