ਮਹਿੰਦੀ ਵੇਦਨਾ

ਕੱਚੀ ਕੰਧ ਉੱਤੇ ਬਹਿਣ, ਸੁਰਮਈ ਘੁੱਗੀਆਂ

ਲੱਗੇ ਉਜ਼ਰਾਂ ਦੇ ਕੋਲ਼ੋਂ, ਫ਼ਜ਼ਰਾਂ ਨੇ ਪੁੱਗੀਆਂ

ਐਨਾ ਸਬਰ ਬਨੇਰਿਆਂ ਨਾ' ਮੋਹ ਪਾ ਲਿਆ

ਗਈਆਂ ਦਾਣਿਆਂ ਭੁਲੇਖੇ ਕੱਚ ਰੋੜਾਂ ਚੁਗੀਆਂ

ਚਿੱਟੇ ਅੰਬਰਾਂ ਨੂੰ ਕੱਜ, ਨੀਲੇ ਖੰਭ ਉੱਡਦੇ

ਰਲ਼ ਤਿਤਲੀ ਦੇ ਪਰਾਂ ਨਾਲ਼, ਰੰਗ ਉੱਡਦੇ

ਕਦੇ ਹੁਸਨਾਂ ਦੀ ਨਾਖ਼ੀ ਨਹੀਓਂ ਵਾੜੀ ਸੁੱਕਦੀ

ਕੌਣ ਭੌਰਿਆਂ ਨੂੰ ਦੱਸੇ, ਨਹੀ ਵਾਸ਼ ਮੁੱਕਦੀ?

ਆਪੇ ਵਰ੍ਹ ਪੈਣਾਂ ਮੀਂਹ ਮਿਲੇ ਸਾਗਰ ਨਦੀਂ

ਸ਼ਿਵ-ਬੱਦਲਾਂ ਵਜਾਈਆਂ ਜਦੋਂ ਡੁਗ-ਡੁਗੀਆਂ।

ਸ਼ੀਰ ਸੱਪ ਨੂੰ ਪਿਆਇਆ ਹੋਰ ਜ਼ਹਿਰੀ ਕਰ’ਤਾ

ਆਇਆ ਹੰਸ ਹਿੱਸੇ, ਓਸਨੇ ਨਿਤਾਰ ਧਰ'ਤਾ

ਲੰਘੇ ਸਮਾਂ ਚੌਂਕੀਦਾਰ ਹੋਕਾ ਉੱਚਾ ਕਰਕੇ

ਘੂਕ ਕੰਦਰਾਂ ‘ਚ ਸੁੱਤੇ, ਮੱਥੇ ਕੂਹਣੀ ਧਰ ਕੇ

ਰੌਣ ਲੈ ਗਿਆ ਮੁੱਕਟ ਸਾਡਾ ਸਾਥੋਂ ਹਰ ਕੇ

ਅੱਖਾਂ ਚੇਤਨਾਂ ਦੀ ਰਾਣੀ ਦੀਆਂ ਪਈਆਂ ਸੁੱਜੀਆਂ।

ਗੀਤ ਬੈਠੇ ਭੰਗ ਦਿਆਂ, ਬੂਟਿਆਂ ਨੂੰ ਵਲ਼ ਕੇ

ਮਹਿੰਦੀ-ਵੇਦਨਾ ਨੂੰ ਲਾ'ਵੇ ਕਿਹੜਾ ਤਲ਼ੀ ਮਲ਼ ਕੇ?

ਚੱਲੀਆਂ ਨੇ ਸੁਰਾਂ, ਪਰੀਆਂ ਦੇ ਪਿੰਡ ਨੂੰ

ਕਵੀ ਦਿੰਦੇ ਨੇ ਮਰੋੜੇ, ਸ਼ਬਦਾਂ ਦੀ ਜਿੰਦ ਨੂੰ

ਓਹਦੇ ਕੋਲ਼ ਯੱਕੇ ਚਾਰ, ਬੁਰੀ ਦਿਸਦੀ ਹਾਰ

ਅਸਾਂ ਬੇਗੀ ਲੈਣੀ ਮਾਰ, ਪਿੱਛੋਂ ਸੁੱਟ ਦੁੱਗੀਆਂ।

📝 ਸੋਧ ਲਈ ਭੇਜੋ