ਮਹਿਕਾਂ ਵਰਗੇ ਯਾਰ

ਮਹਿਕਾਂ ਵਰਗੇ ਯਾਰ ਪਿਆਰੇ ਚਲੇ ਗਏ।

ਜੀਵਨ ਦੇ ਹੁਸੀਨ ਨਜ਼ਾਰੇ ਚਲੇ ਗਏ।

ਮਿੱਟੀ ਦੇ ਵਿਚ ਮਿਲਿਆ ਬੂਰ ਸਾਹਾਂ ਦਾ,

ਮਿੱਟੀ ਦੇ ਜ਼ਰਖ਼ੇਜ਼ ਭੰਡਾਰੇ ਚਲੇ ਗਏ।

ਧਰਤੀ, ਅੰਬਰ, ਚਾਰੇ ਕੂਟਾਂ ਗਾਹ ਲਈਆਂ,

! ਕਿਥੇ ਮੇਰੀ ਅੱਖ ਦੇ ਤਾਰੇ ਚਲੇ ਗਏ?

ਦਿਲ ਦੀ ਬਾਤ ਅਜੇ ਮੈਂ ਪੂਰੀ ਕਰਨੀ ਸੀ,

ਸੱਜਣ ਭਰਕੇ ਚਾਰ ਹੁੰਗਾਰੇ ਚਲੇ ਗਏ

ਅਟਕ ਗਿਆ ਹਾਂ ਸਿਖਰ ਦੁਪਹਿਰੇ ਰਾਹ ਅੰਦਰ,

ਸਾਹਾਂ ਵਰਗੇ ਯਾਰ ਸਹਾਰੇ ਚਲੇ ਗਏ।

ਮੇਰੀ ਅੱਖ ਵਿਚ ਭਰਕੇ ਸਾਗਰ ਛਲਕਣ ਲਈ,

ਢੋਹ ਕੇ ਉਮਰ ਦੇ ਬੂਹੇ ਸਾਰੇ ਚਲੇ ਗਏ।

ਜੋ ਜੀਅ ਕਰਦਾ ਲੈ ਜੋ ਮੇਰੇ ਘਰ ਵਿਚੋਂ,

ਕੀ ਕਰਨੇ ਇਹ ਪੱਥਰ ਜੇਕਰ ਪਿਆਰੇ ਚਲੇ ਗਏ?

ਜੋ ਸੁੱਖ ਛੱਜੂ ਦੇ ਚੁਬਾਰੇ ਦਸਦੇ ਸੀ,

ਓਹੀਓ ਇਕ ਦਿਨ ਬਲਖ ਬੁਖਾਰੇ ਚਲੇ ਗਏ।

ਲੱਭਦਾ ਫਿਰਦਾ ਬੀਰ ਹੈ ਅੱਜ ਕੱਲ ਸੱਜਣਾਂ ਨੂੰ,

ਸੱਜਣਾ ਦੇ ਓਹ ਵਾਰੇ ਪਾਰੇ ਚਲੇ ਗਏ

📝 ਸੋਧ ਲਈ ਭੇਜੋ