ਮੈਂ ਅੱਜ ਦਾ ਅਰਥ ਅਹੱਲਿਆ ਦਾ
ਮੇਰਾ ਰੂਪ ਇਹੋ ਪਰਵਾਨ ਕਰੋ
ਮੈਂ ਮੋਹ ਮਾਇਆ ਦੀ ਕਾਇਆ ਹਾਂ
ਮੈਨੂੰ ਪੱਥਰ ਤੋਂ ਭਗਵਾਨ ਕਰੋ
ਕੋਈ ਸਦੀਆਂ ਤੀਕ ਉਡੀਕ ਕਰੇ
ਮੈਨੂੰ ਹਰਗਿਜ਼ ਇਹ ਮਨਜ਼ੂਰ ਨਹੀਂ
ਜਿਨੂੰ ਤੱਕਿਆਂ ਅੱਖ ਚੁੰਧਿਆ ਜਾਵੇ
ਕੋਈ ਐਸਾ ਕੋਹਿਤੂਰ ਨਹੀਂ
ਤੁਸੀਂ ਮੰਦਰ ਮੇਰੇ ਅੰਦਰ ਦਾ
ਜਰਾ ਆਪੇ ਦੀ ਪਹਿਚਾਣ ਕਰੋ
ਮੈਂ ਮੋਹ ਮਾਇਆ ਦੀ ਕਾਇਆ ਹਾਂ
ਮੈਨੂੰ ਪੱਥਰ ਤੋਂ ਭਗਵਾਨ ਕਰੋ
ਸਾਡਾ ਸੱਚ ਵੀ ਸੀਤਾ ਨਾ ਹੋਇਆ
ਤੁਹਾਡਾ ਝੂਠਾ ਵੀ ਬਣਿਆ ਰਾਮ ਰਿਹਾ
ਅਸੀਂ ਇਲਮ ਨੂੰ ਇਸ਼ਟ ਬਣਾ ਬੈਠੇ
ਸਾਡੇ ਇਸ਼ਕ ਤੇ ਇਹ ਇਲਜ਼ਾਮ ਰਿਹਾ
ਮੈਂ ਰਾਵਣ ਰੂਪ `ਚ ਜੀ ਲਾਂਗਾ
ਮੇਰੇ ਗੀਤ ਨੂੰ ਨਾ ਪਰੇਸ਼ਾਨ ਕਰੋ
ਮੈਂ ਮੋਹ ਮਾਇਆ ਦੀ ਕਾਇਆ ਹਾਂ
ਮੈਨੂੰ ਪੱਥਰ ਤੋਂ ਭਗਵਾਨ ਕਰੋ
ਸਾਡੀ ਅੱਖਰ ਵਰਗੀ ਹਸਤੀ ਹੈ
ਸਾਨੂੰ ਸ਼ਬਦ ਸਮਝ ਸਵੀਕਾਰ ਕਰੋ
ਸਾਡਾ ਵੀ ਨਿਕਲੇ ਅਰਥ ਕੋਈ
ਸਾਡੇ ਤੇ ਪਰਉਪਕਾਰ ਕਰੋ
ਸਾਡੇ ਬੋਲ ਨੀਹਾਂ ਵਿੱਚ ਚਿਣੇ ਗਏ
ਸਾਨੂੰ ਗੀਤਾਂ ਤੋਂ ਕੁਰਬਾਨ ਕਰੋ
ਮੈਂ ਮੋਹ ਮਾਇਆ ਦੀ ਕਾਇਆ ਹਾਂ
ਮੈਨੂੰ ਪੱਥਰ ਤੋਂ ਭਗਵਾਨ ਕਰੋ
ਤੁਸੀਂ ਚਾਨਣ ਬਣਕੇ ਆ ਜਾਇਓ
ਅਸੀਂ ਅੱਗ ਅੱਖਰਾਂ ਦੀ ਬਾਲੀ ਹੈ
ਸਾਨੂੰ ਇੱਕ ਅੱਧ ਚਿਣਗ ਹੁਧਾਰ ਦਿਓ
ਸਾਡੀ ਅੱਗ ਇਹ ਬੁਝਣ ਵਾਲੀ ਹੈ
ਮੇਰਾ ਮੀਤ ਸੰਗੀਤ ਤੇ ਗੀਤ ਤੁਸੀਂ
ਮੇਰਾ ਜੱਗ ਤੇ ਨਾਮ-ਨਿਸ਼ਾਨ ਕਰੋ
ਮੈਂ ਮੋਹ ਮਾਇਆ ਦੀ ਕਾਇਆ ਹਾਂ
ਮੈਨੂੰ ਪੱਥਰ ਤੋਂ ਭਗਵਾਨ ਕਰੋ
ਤੁਸੀਂ ਕਿਣ-ਮਿਣ ਕਣੀਆਂ ਬਣ ਜਾਇਓ
ਸਾਡੀ ਪਿਆਸ ਬੁਝਾਓ ਸਦੀਆਂ ਦੀ
ਤੁਸੀਂ ਨੇਕੀ ਬਣਕੇ ਵਰਸ ਜਾਓ
ਸਾਡੀ ਜੂਨ ਬਦਲ ਦਿਓ ਬਦੀਆਂ ਦੀ
ਸਾਨੂੰ ਦੁੱਖ ਦੇ ਰੁੱਖ ਦਾ ਸੁੱਖ ਦੇਣਾ
ਸਾਡੇ ਸਿਰ ਇਹ ਅਹਿਸਾਨ ਕਰੋ
ਮੈਂ ਮੋਹ ਮਾਇਆ ਦੀ ਕਾਇਆ ਹਾਂ
ਮੈਨੂੰ ਪੱਥਰ ਤੋਂ ਭਗਵਾਨ ਕਰੋ
ਤੁਸੀਂ ਦਿਨ ਦੇ ਵਾਂਗੂ ਚੜੇ ਰਹੋ
ਅਸੀਂ ਰਾਤਾਂ ਬਣਕੇ ਜੀਅ ਲਾਂਗੇ
ਤੁਸੀਂ ਚਾਨਣ ਦੇ ਘੁੱਟ ਭਰ ਲੈਣਾ
ਅਸੀਂ ਦਰਦ ਹਨੇਰਾ ਪੀ ਲਾਂਗੇ
ਸਾਡੀ ਮੱਸਿਆ ਪੀੜ ਹੈ ਪੁੰਨਿਆਂ ਦੀ
ਸਾਡੇ ਦਰਦਾਂ ਦਾ ਸਨਮਾਨ ਕਰੋ
ਮੈਂ ਮੋਹ ਮਾਇਆ ਦਾ ਕਾਇਆ ਹਾਂ
ਮੈਨੂੰ ਪੱਥਰ ਤੋਂ ਭਗਵਾਨ ਕਰੋ