ਮੇਰਾ ਰੁੱਸਿਆ ਐਸਾ ਗੀਤ ਮੈਂ ਕਣ ਕਣ ਬਿਖਰ ਗਿਆ
ਨਾ ਕੋਈ ਮਿਲਣ ਉਡੀਕ ਸਭ ਕੁਝ ਵਿਸਰ ਗਿਆ
ਉਸ ਬਿਨਾਂ ਮੇਰੀ ਹੋਂਦ ਨਾ ਕੋਈ ਉਸ ਬਿਨਾਂ ਕੀ ਜੀਣਾ
ਉਹ ਅੰਮ੍ਰਿਤ ਦਾ ਸਰਵਰ ਭਰਿਆ ਇੱਕੋ ਘੁੱਟ ਮੈਂ ਪੀਣਾ
ਉਸ ਇੱਕ ਤੋਂ ਮੈਂ ਲੱਖ ਕਰੋੜਾਂ ਉਸ ਬਿਨ ਹੋ ਮੈਂ ਸਿਫਰ ਗਿਆ
ਮਨ ਮਿਲਿਆਂ ਜੇ ਮੇਲ ਨਾ ਹੋਵੇ ਜਿੰਦੜੀ ਜਾਏ ਸਰਾਪੀ
ਸਾਥ ਸੱਜਣ ਦਾ ਮਿਲ ਕੇ ਵਿਛੜੇ ਰੂਹ ਹੋਵੇ ਇਕਲਾਪੀ
ਜਿਸ ਦੇ ਦਰ 'ਤੇ ਅਲਖ ਜਗਾਈ ਖਬਰੇ ਹੁਣ ਉਹ ਕਿਧਰ ਗਿਆ
ਅਸੀਂ ਤਾਂ ਮੰਗਿਆ ਮੀਂਹ ਰਹਿਮਤ ਦਾ ਉਸ ਅਗਨੀ ਵਰਸਾਈ
ਅਸੀਂ ਤਾਂ ਮੰਗਿਆ ਮੇਲ ਮੁਹੱਬਤ ਪੱਲੇ ਪਈ ਜੁਦਾਈ ਸਾਰੀ
ਉਮਰ ਉਡੀਕ ਸੀ ਰਹਿਣੀ ਚੰਗਾ ਮੁੱਕ ਇਹ ਫਿਕਰ ਗਿਆ
ਇੰਝ ਕਦੇ ਤਾਂ ਹੋ ਨਹੀਂ ਸਕਦਾ ਯਾਦ ਨਾ ਸਾਡੀ ਆਏ
ਬਦਲੋਂ ਵਿਛੜੀ ਕਣੀ ਦੇ ਵਾਂਗੂ ਗੀਤ ਵੀ ਪਿਆ ਕੁਰਲਾਏ
ਉਸਦਾ ਜ਼ਬਤ ਸਮੁੰਦਰ ਵਰਗਾ ਮੈਂ ਰੇਤੇ ਜਿਉਂ ਬਿਖਰ ਗਿਆ
ਤਨ ਸਮਝਾਇਆ ਮਨ ਸਮਝਾਇਆ ਸਮਝ ਸਮਝਕੇ ਹਾਰੇ
ਜਿੰਦ ਰਾਤ ਦੇ ਅੰਬਰ ਉੱਤੇ ਯਾਦ ਦੇ ਲਿਸ਼ਕਣ ਤਾਰੇ
ਖੂਨ ਮੇਰੇ ਦੀ ਖਸਲਤ ਬਣਿਆ ਇਸ ਲਈ ਕਰਨਾ ਜ਼ਿਕਰ ਪਿਆ
ਬੀਆਬਾਨ ਕੰਡਿਆਂ 'ਤੇ ਤੁਰਨਾ ਲਹੂ ਸੰਗ ਲਿਖ ਸਿਰਨਾਵਾਂ
ਯਾਦਾਂ ਦੀ ਫੁਲਕਾਰੀ ਕੱਢਾਂ ਹੰਝੂਆਂ ਦੇ ਫੁੱਲ ਪਾਵਾਂ
ਮੂੰਹ ਤੋਂ ਉਸਦਾ ਨਾਮ ਨਾ ਚਿਤਵਾਂ ਚਿੱਤ ਵਿੱਚ ਉਸਦਾ ਫਿਕਰ ਪਿਆ
ਮੇਰਾ ਰੁੱਸਿਆ ਐਸਾ ਗੀਤ ਮੈਂ ਕਣ ਕਣ ਬਿਖਰ ਗਿਆ
ਨਾ ਕੋਈ ਮਿਲਣ ਉਡੀਕ ਸਭ ਕੁਝ ਵਿਸਰ ਗਿਆ