ਮੇਰਾ ਤੇ ਜਿਸਦਾ ਮਿਲਣਾ ਸੀ ਬਸ ਐਵੇਂ ਇਤਫ਼ਾਕ ਜਿਹਾ
ਸੈਅ ਜਨਮਾਂ ਤੋਂ ਨਾਲ ਉਦ੍ਹੇ ਹੁਣ ਜਾਪੇ ਗੂੜ੍ਹਾ ਸਾਕ ਜਿਹਾ
ਸੁਪਨੇ ਵਿਚ ਅਕਸਰ ਕੈਦੋਂ ਤੇ ਖੇੜੇ ਮੈਨੂੰ ਦਿਸਦੇ ਨੇ
ਖ਼ੈਰ ਚਲੋ ਕੁਝ ਦੇਰ ਲਈ ਤਾਂ ਬਣ ਜਾਂਦਾ ਹਾਂ ਚਾਕ ਜਿਹਾ
‘ਹੋ ਸਕਦਾ ਹੈ ਆ ਜਾਵਾਂ ਤੇ ਹੋ ਸਕਦਾ ਹੈ ਨਾ ਆਵਾਂ’
ਭੋਲੀ ਸੂਰਤ ਬੋਲ ਗਈ ਇਹ ਫ਼ਿਕਰਾ ਚੁਸਤ ਚਲਾਕ ਜਿਹਾ
ਜਿਸਮਾਂ ਦੇ ਨਕਸ਼ੇ ਪੜ੍ਹ ਕੇ ਬਸ ਹੇਠ ਲਿਖੀ ਗੱਲ ਜਾਣੀ ਮੈਂ
‘ਸੁੰਦਰ ਨਕਸ਼ ਕਦੇ ਨਾ ਸਿਰਜਣ ਰਿਸ਼ਤਾ ਕੋਈ ਪਾਕ ਜਿਹਾ’
ਚਾਰ ਚੁਫੇਰੇ ਸ਼ੋਰ ਸ਼ਰਾਬੇ ਤੋਂ ਬਚਣਾ ਤਾਂ ਆਉਂਦਾ ਹੈ
ਅਪਣੀ ਚੁੱਪ ਦਾ ਕੀ ਕਰੀਏ ਜੋ ਕਰਦੀ ਬਹੁਤ ਖੜਾਕ ਜਿਹਾ
ਪਹਿਲੇ ਦਿਨ ਹੀ ਮੈਨੂੰ ਮੇਰੇ ਰਹਿਬਰ ਨੇ ਇਕ ਬਾਤ ਕਹੀ
‘ਅਮਰ’ ਜੇ ਮੰਜ਼ਿਲ ਪਾਉਣੀ ਹੈ ਤਾਂ ਸੁੱਟ ਪਰੇ੍ਹ ਇਖ਼ਲਾਕ ਜਿਹਾ