ਮੇਰੇ ਦਿਲ ਦੇ ਬੂਹੇ ਉਹਲੇ ਲੁਕਿਆ ਏ ਕੋਈ ਹੋਰ।
ਵਾਜ ਮੈਂ ਹੋਰ ਕਿਸੇ ਨੂੰ ਮਾਰੀ, ਰੁਕਿਆ ਏ ਕੋਈ ਹੋਰ।
ਸੁਫ਼ਨੇ ਹੋਰ ਕਿਸੇ ਦੇ ਤੱਕਦੀ ਰਹਿ ਗਈ ਅੱਖ ਨਿਮਾਣੀ,
ਸਹਿਰਾ ਬੰਨ੍ਹ ਤਕਦੀਰ ਦੇ ਸਿਰ ਤੇ ਢੁਕਿਆ ਏ ਕੋਈ ਹੋਰ।
ਉਧਰ ਪਿਆਰ ਵਿਸਾਰ ਕੇ ਬੈਠਾ ਹੋਇਆ ਸੁੱਖ ਦੀ ਛਾਵੇਂ,
ਜਿਹਨੂੰ ਚੇਤੇ ਕਰ ਕਰ ਏਧਰ ਮੁੱਕਿਆ ਏ ਕੋਈ ਹੋਰ।
ਮੈਂ ਇਸ਼ਕੇ ਨੂੰ ਰੋਗੀ ਕੀਤਾ ਪੀ ਕੇ ''ਮੈਂ'' ਦਾ ਜ਼ਹਿਰ,
ਰੀਤਾਂ ਸ਼ਿਮਲਾ ਉੱਚਾ ਰੱਖਿਆ ਝੁਕਿਆ ਏ ਕੋਈ ਹੋਰ।
ਭੁੰਨੇ ਮੋਠ ਕਿਸੇ ਦੇ ਅੱਗੇ ਸੁਕੀਆਂ ਹਰੀਆਂ ਹੋਈਆਂ,
ਹਰਾ ਭਰਾ ਹੋਵਣ ਦੇ ਚਾਈਂ ਸੁੱਕਿਆ ਏ ਕੋਈ ਹੋਰ।
ਭਾਰੇ ਭਾਰ ਜੀਵਨ ਦੇ ਸੁਗ਼ਰਾ, ਇਸ਼ਕ ਦੇ ਰਾਹ ਕੰਡਿਆਰੇ,
ਪੈਰ ਮੈਂ ਕੋਈ ਚੁਕਣਾ ਸੀ ਤੇ ਚੁੱਕਿਆ ਏ ਕੋਈ ਹੋਰ।