ਮੇਰੇ ਲਈ ਜੋ ਬੇੜੀ ਦੇ ਪੱਤਵਾਰ ਜਿਹਾ ।
ਉਹਦੇ ਲਈ ਮੈਂ ਇਕ ਡੰਗ ਦੇ ਅਖਬਾਰ ਜਿਹਾ ।
ਦਿਲਜੋਈ ਜਦ ਕਰਦਾ ਮੈਨੂੰ ਇਉਂ ਲਗਦਾ
ਘਟੀਆ ਲੀਡਰ ਦੇ ਵਧੀਆ ਪਰਚਾਰ ਜਿਹਾ ।
ਮੁੱਦਤ ਮਗਰੋਂ ਮਿਲ ਕੇ ਵੀ ਪਹਿਚਾਣ ਲਵੂੰ
ਉਸ ਦੀ ਗੱਲ ਤੇ ਆਉਂਦਾ ਨਾ ਇਤਬਾਰ ਜਿਹਾ ।
ਗੱਲ ਮਤਲਬ ਦੀ ਲੰਬੇ ਖਤ ਵਿੱਚ ਇਕੋ ਸੀ
ਬਾਕੀ ਤਾਂ ਉਸ ਗੱਲ ਦਾ ਸੀ ਵਿਸਥਾਰ ਜਿਹਾ ।
ਭਾਵੇਂ ਉਸ ਦੇ ਅਮਲਾਂ ਤੇ ਅਫਸੋਸ ਬੜਾ
ਫਿਰ ਵੀ ਕਰਦਾ ਦਿਲ ਉਸ ਦਾ ਸਤਿਕਾਰ ਜਿਹਾ ।