ਮੇਰੇ ਨਾਲ ਜੇ ਕਰਨੀ ਹੈ ਤਾਂ ਗੱਲ ਕਰਿਓ ਬਸ ਖ਼ਾਸ ਜਿਹੀ
ਜੰਗਲ ਵਿਚ ਮੰਗਲ ਵਰਗੀ ਜਾਂ ਘਰ ਅੰਦਰ ਬਨਵਾਸ ਜਿਹੀ
ਤਾਰਾ ਟੁੱਟਣ ’ਤੇ ਪਾਵੇ ਉਹ ਬਦਸ਼ਗਨੀ ਦਾ ਸ਼ੋਰ ਬੜਾ
ਮੈਂ ਜਿਸ ਉੱਤੇ ਰੱਖ ਬੈਠਾ ਹਾਂ ਅੰਬਰ ਜੇਡੀ ਆਸ ਜਿਹੀ
ਰਾਹ ਵਿਚ ਹਰ ਥਾਂ ਬੇਇਤਬਾਰੀ, ਧੋਖਾ, ਝੂਠ, ਫ਼ਰੇਬ ਮਿਲੇ
ਮੰਜ਼ਿਲ ’ਤੇ ਪਹੁੰਚੇ ਤਾਂ ਉਹ ਵੀ ਨਿਕਲੀ ਨਾ ਵਿਸ਼ਵਾਸ ਜਿਹੀ
ਉਸ ਦਰਿਆ ਦੇ ਬਹਿਕਾਵੇ ਵਿਚ ਨਾ ਆਉਂਦੇ ਤਾਂ ਚੰਗਾ ਸੀ
ਨਦੀਆਂ ਦੀ ਗੱਲ ਹੋਣ ’ਤੇ ਜਿਸਨੂੰ ਲਗ ਜਾਂਦੀ ਹੈ ਪਿਆਸ ਜਿਹੀ
ਲੋਕ ਮੁਹੱਬਤ ਕਹਿੰਦੇ ਜਿਸਨੂੰ ਮੈਂ ਵੀ ਕਰ ਕੇ ਵੇਖ ਲਈ
ਪੱਥਰ ’ਤੇ ਆਸ ਟਿਕਾਈ ਐਵੇਂ ਸ਼ੀਸ਼ੇ ਦੇ ਅਹਿਸਾਸ ਜਿਹੀ
ਹੁਣ ਪੜ੍ਹੀਏ ਕੀ ਅਖ਼ਬਾਰਾਂ ਨੂੰ, ਖ਼ਬਰਾਂ ਨੇ ਬਸ ਮਰਨ ਦੀਆਂ
ਨਹਿਰ ’ਚ ਕੋਈ ਡੁੱਬਦਾ ਕੋਈ ਖਾ ਜਾਂਦਾ ਸਲਫ਼ਾਸ ਜਿਹੀ