ਮੇਰੇ ਵਿਹੜੇ ਆ ਢੁੱਕੀ ਜਦ ਚਾਵਾਂ ਭਰੀ ਬਰਾਤ।
ਚਾਰ ਚੁਫੇਰੇ ਨੱਚਣ ਲੱਗੀ ਰੰਗਾਂ ਦੀ ਬਰਸਾਤ।
ਕਈ ਸਦੀਆਂ ਦਾ ਪੰਧ ਨਬੇੜੇ ਇਕ ਨਿੱਕੀ ਜਿਹੀ ਹਾਂ,
ਕਈ ਅੱਖਾਂ ਦਾ ਰੋਗ ਮੁਕਾਵੇ ਤਰਦੀ ਜਿਹੀ ਇੱਕ ਝਾਤ।
ਦਮ ਦਮ ਸਦਕੇ ਜਾਵਾਂ ਅੜੀਓ! ਉਸ ਮਿੱਤਰ ਤਾਈਂ,
ਜਿਹਨੇ ਮੈਨੂੰ ਪੂਰਾ ਕਰ ਕੇ ਸਾਂਭੀ ਕਲਮ ਦਵਾਤ।
ਵਿਰਦ ਪਕਾਵਾਂ ਸੂਲੀ ਉਤੇ, ਥਾਂ ਥਾਂ ਮੁੱਕਣ ਸਾਹ,
ਪਲ ਪਲ ਆਹਰੇ ਲਾਈ ਰੱਖਦਾ ਹਿਜਰ ਬੜਾ ਕੰਮਜ਼ਾਤ।
ਫ਼ਰਕ ਜੋ ਪਾਵੇ ਵਿਚ ਬੰਦਿਆਂ ਦੇ ਲਾਹਨਤ ਉਸ ਟੋਲੇ ਤੇ,
ਅਸੀਂ ਆਂ ਪਿਆਰ ਦੇ ਪਾਂਧੀ ਅਜ਼ਲੋਂ ਸਾਡੀ ਇਸ਼ਕ ਜਮਾਤ
ਤੇਰੇ ਆਣ ਦਾ ਸੁਣ ਕੇ ਗਾਵਣ ਢੋਲੇ, ਮਾਹੀਏ, ਸਾਹ,
ਦਿਲ ਦੇ ਵਿਹੜੇ ਜਿੰਦੜੀ ਰੱਖੀ ਸੱਧਰਾਂ ਭਰੀ ਪਰਾਤ।
ਫ਼ਕ਼ਰ ਦੀ ਦੌਲਤ ਬਹੂੰ ਅਣ-ਮੁਲੀ ਮਿਲਦੀ ਨਾਲ਼ ਨਸੀਬਾਂ,
ਬਖ਼ਤ ਉਚੇਰੇ ਮਿਲ ਗਈ ਮੈਨੂੰ ਇਸ਼ਕ ਦੀ ਖ਼ੈਰ ਖ਼ੈਰਾਤ।
ਆ ਜਾਵੇ, ਚੰਨ ਮਾਹੀਆ ਆ ਜਾ ਵੇਖ ਕੇ ਤੈਨੂੰ ਆਉਂਦਾ,
ਸੁਗ਼ਰਾ ਵਸਲ ਦਾ ਚਾਨਣ ਵੇਖੇ ਮੱਕੇ ਹਿਜਰ ਦੀ ਰਾਤ।