ਮੇਰੀਏ ਉਦਾਸ ਹੋਣੀਏਂ ਪਾਵੇ ਧਰਤੀ ਵੀ ਗਮ ਦੀ ਕਹਾਣੀ
ਬਿਰਖਾਂ ਦੇ ਬੁੱਲ੍ਹ ਸੁੱਕਗੇ ਸੁੱਕਾ ਅੰਬਰਾਂ ਦੀ ਅੱਖ ਵਿੱਚੋਂ ਪਾਣੀ
ਸਿਰ ਤੇ ਪਹਾੜ ਦੁੱਖਾਂ ਦੇ, ਜਿੰਦ ਫੁੱਲਾਂ ਦੀ ਪੱਤੀ ਤੋਂ ਕੂਲੀ
ਕੰਡਿਆਂ ਦੀ ਪੀੜ ਨਾ ਸਹੇ, ਲਿਖੀ ਕਰਮਾਂ 'ਚ ਮਿਲ ਗਈ ਸੂਲੀ
ਵਰ੍ਹਿਆਂ ਦੇ ਨੀਲ ਮੱਥੇ ਤੇ, ਜਾਵੇ ਆਪਣੀ ਨਾ ਸ਼ਕਲ ਪਛਾਣੀ
ਬਿਰਖਾਂ ਦੇ ਬੁੱਲ੍ਹ ਸੁੱਕਗੇ ਸੁੱਕਾ ਅੰਬਰਾਂ ਦੀ ਅੱਖ ਵਿੱਚੋਂ ਪਾਣੀ
ਪਲਕਾਂ 'ਚ ਜੇਹੜਾ ਵੱਸਿਆ, ਖੂੰਨ ਰੱਜ ਕੇ ਜਿਗਰ ਦਾ ਪੀਤਾ
ਕੱਢਕੇ ਕਲੇਜਾ ਖਾ ਗਿਆ, ਅਸੀਂ ਹੋਕੇ ਜਿੰਨਾ ਰੰਜ ਵੀ ਨਾ ਕੀਤਾ
ਅੱਗ ਵਾਂਗੂ ਰਹੇ ਮੱਚਦੇ, ਸੇਕ ਆਪਣੇ ਤੋਂ ਸੜਗੀ ਜਵਾਨੀ
ਬਿਰਖਾਂ ਦੇ ਬੁੱਲ੍ਹ ਸੁੱਕਗੇ ਸੁੱਕਾ ਅੰਬਰਾਂ ਦੀ ਅੱਖ ਵਿੱਚੋਂ ਪਾਣੀ
ਯਾਰ ਅਸਾਂ ਦੁੱਧ ਮੰਨਿਆ, ਆਪੂੰ ਬਣਗੇ ਨਿਮਾਣੇ ਪਾਣੀ
ਪਹਿਲਾਂ ਰਹੀ ਅੱਗ ਸਾੜਦੀ, ਫਿਰ ਅੰਗ ਅੰਗ ਭੰਨਿਆ
ਮਧਾਣੀ ਮੇਟ ਦਿਤੀ ਹੋਂਦ ਆਪਣੀ, ਸਾਨੂੰ ਫਿਰ ਵੀ ਨਾ ਕਿਹਾ ਕਿਸੇ ਹਾਣੀ
ਮੇਰੀਏ ਉਦਾਸ ਹੋਣੀਏਂ ਪਾਵੇ ਧਰਤੀ ਵੀ ਗਮ ਦੀ ਕਹਾਣੀ
ਬਿਰਖਾਂ ਦੇ ਬੁੱਲ੍ਹ ਸੁੱਕਗੇ ਸੁੱਕਾ ਅੰਬਰਾਂ ਦੀ ਅੱਖ ਵਿੱਚੋਂ ਪਾਣੀ