ਮਿਲਣ ਮੈਨੂੰ ਜੇ ਆਉਂਦਾ ਉਹ ਮੁਸਾਫ਼ਿਰ ਹੋਣ ਤੋਂ ਪਹਿਲਾਂ
ਤਾਂ ਮੈਂ ਵੀ ਘਰ ਸਜਾ ਲੈਣਾ ਸੀ ਖੰਡਰ ਹੋਣ ਤੋਂ ਪਹਿਲਾਂ
ਉਦੋਂ ਬਰਸਾਤ ਨਾ ਰੁਕਦੀ ਤਾਂ ਉਸਨੂੰ ਰੋਕ ਲੈਂਦਾ ਮੈਂ
ਚਲਾ ਪਰ ਉਹ ਗਿਆ ਬਾਰਿਸ਼ ਨਿਰੰਤਰ ਹੋਣ ਤੋਂ ਪਹਿਲਾਂ
ਮੇਰੇ ਦਿਲ ਦੇ ਪਰਿੰਦੇ ਨੇ ਅਜੇ ਤਾਂ ਪਰ ਹੀ ਤੋਲੇ ਸੀ
ਕਿ ਜ਼ਖ਼ਮੀ ਹੋ ਗਿਆ ਭਾਗਾਂ ’ਚ ਅੰਬਰ ਹੋਣ ਤੋਂ ਪਹਿਲਾਂ
ਨ ਜੰਗਲ ਦੀ, ਨ ਰਾਵਣ ਦੀ ਤੇ ਨਾ ਅਗਨੀ ਪਰੀਖਿਆ ਦੀ
ਕਦੇ ਸੀ ਕਲਪਨਾ ਕੀਤੀ ਸੁਅੰਬਰ ਹੋਣ ਤੋਂ ਪਹਿਲਾਂ
ਤੇਰੀ ਹਸਤੀ ਜੇ ਵੱਡੀ ਤਾਂ ਮੇਰੀ ਨਾ ਅਹਿਮੀਅਤ ਘਟਦੀ
ਜ਼ਰੂਰੀ ਬੂੰਦ ਹੁੰਦੀ ਹੈ ਸਮੁੰਦਰ ਹੋਣ ਤੋਂ ਪਹਿਲਾਂ
ਕਿਸੇ ਦੇ ਹੱਥ ਨਾ ਖ਼ੰਜਰ ਤੇ ਨਾ ਤ੍ਰਿਸ਼ੂਲ ਸੀ ਹੁੰਦਾ
ਅਸਾਡੇ ਸ਼ਹਿਰ ਵਿਚ ਮਸਜਿਦ ਤੇ ਮੰਦਿਰ ਹੋਣ ਤੋਂ ਪਹਿਲਾਂ
ਚੁਣੇ ਸਾਡੇ ਨੁਮਾਇੰਦੇ ਹੀ ਅਸਾਨੂੰ ਮਾਰਦੇ ਰਹਿੰਦੇ
ਅਸੀਂ ਚੰਗੇ ਭਲੇ ਸਾਂ ਲੋਕਤੰਤਰ ਹੋਣ ਤੋਂ ਪਹਿਲਾਂ