ਤੇਰਾ ਬੋਲਣਾ ਬੇਲੀਆ ਲਗਦਾ ਈ ਓਏ, ਕਿਸੇ ਛੀਂਬੇ-ਸਪੋਲੀਏ ਦੇ ਡੰਗ ਵਰਗਾ।
ਅਲਸੀ, ਅਮਲਤਾਸ਼ ਦਿਆ ਬੂਟਿਆ ਵੇ,ਕਾਹਤੋਂ ਹੋ ਗਿਐਂ, ਕੜਬ ਦੀ ਕੰਡ ਵਰਗਾ।
ਤਾਮੜ-ਧੁੱਪਾਂ ਜਿਉਂ ਪਿੰਡਾ ਮਚਾੜਦਾ ਏਂ, ਕਦੇ ਹੈਸੀਂ ਵੇ ਫੱਗਣ ਦੀ ਠੰਡ ਵਰਗਾ!
ਮੌਜ ਬੇਲੇ ਦੀ ਸੈਂ, ਮੱਖਣ ਦਿਆ ਛੰਨਿਆ ਵੇ, ਹੁਣ ਜਾਪਦੈਂ ਮਿਰਜ਼ਈ ਜੰਡ ਵਰਗਾ।
ਨਾਜ਼ਖ਼ੋਰਿਆ, ਮਕਰਬਾਜਾ,ਛਨੋਟਿਆ ਓਏ,ਕੁਆਰੀ-ਕਜ਼ਾਕਰਾਣੀ ਦੀ ਪੰਡ ਵਰਗਾ!
ਨਾਲ਼ੇ ਤੋੜਦਾ ਏਂ ਤੇ ਨਾਲ਼ੇ ਬੋੜਦਾ ਏਂ, ਹਸ਼ਰ ਕੀਤਾ ਈ ਨਦੀ ਦੇ ਮੰਡ ਵਰਗਾ।
ਤੂੰ ਲੋੜ ਲਈਂ ਪੀਰ ਜਾਂ ਮੁਰਸ਼ਦ ਕੋਈ, ਬਾਲ ਨਾਥ ਜਾਂ ਗੋਰਖ ਮਲੰਗ ਵਰਗਾ।
ਸਾਨੂੰ ਲੱਗਸੀ ਸਵਾਦ ਹੀਰੇ ਦੀ ਰਾਖ ਦਾ ਵੇ, ਮਾਹੀ ਮਿਸਰ ਮੁਲ਼ਕ ਦੀ ਖੰਡ ਵਰਗਾ!
ਬੰਨ੍ਹ ਗੱਠੜੀ, ਮੋਢੇ ‘ਤੇ ਸੁੱਟ ਖੇਸੀ, ਜਿਗਰਾ ਕੀਤਾ ਈ ਈਦ ਦੇ ਚੰਦ ਵਰਗਾ।
ਉੱਠ ਤੁਰਿਆ ਕੋਈ ਅਬੇਰ ਵੇਲ਼ੇ, ਗਾਵੇ ਕੋਰੜਾ ਵਾਰਿਸ ਦੇ ਛੰਦ ਵਰਗਾ।