ਬਾਪੂ !
ਮੈਂ ਸੱਚੀ-ਮੁੱਚੀ ਭਾਵੇਂ ਨਹੀਂ
ਦੇਖਿਆ
ਪਾਕਪਟਨ
ਨਾ ਆਪਣਾ ਪਿੰਡ ਸਲੇਮਕੋਟ
ਨਾ ਹੀ ਗੁਆਂਢੀ ਪਿੰਡ
ਹੀਰਾਕੋਟ
ਪਰ ਮੈਂ ਬਹੁਤ ਵਾਰ ਮਹਿਸੂਸ
ਕੀਤਾ ਏ
ਤੇਰੀਆਂ ਅੱਖਾਂ ਵਿਚ ਉਹ ਮੰਜ਼ਰ
ਜਿਹੜਾ ਤੂੰ ਇਆਣੀ ਉਮਰ ਤੋਂ
ਸਾਂਭੀ ਰੱਖਿਆ ਸੀ
ਮਰਨ ਤੋਂ ਠੀਕ ਪਹਿਲਾਂ ਤੀਕਣ
ਮੈਨੂੰ ਯਾਦ ਹੈ
ਆਪਣੀ ਜਨਮ ਭੋਇੰ ਨੂੰ
ਵੇਖਣ ਦਾ
ਤੇਰਾ ਉਹ ਸੁਪਨਾ
ਕਿਵੇਂ ਅੱਖਾਂ 'ਚੋਂ ਰਗਾਂ 'ਚ
ਦੋੜਨ ਲੱਗਾ ਸੀ
ਲਹੂ ਦਾ ਵਹਾਅ ਬਣ
ਚਲਣ ਲੱਗਾ ਸੀ
ਤੇਰੇ ਸਾਹਾਂ ਨਾਲ
ਕੋਈ ਜਾਪ ਹੋ
ਹਾਂ ਸੱਚ ਬਾਪੂ !
ਉਹ ਤੇਰਾ ਬਚਪਨ ਦਾ ਆੜੀ
ਸਲੀਮ ਹੀ ਸੀ ਨਾ
ਜਿਹੜਾ ਖੁਆਉਂਦਾ ਸੀ
ਤੈਨੂੰ ਸੇਉ ਬੇਰ
ਜਿਹਨੂੰ ਚੇਤੇ ਕਰਕੇ
ਤੂੰ ਹੁਣ ਤਕ
ਭਰ ਲੈਂਦਾ ਸੈਂ ਅੱਖਾਂ
ਮਸੋਸਾ ਜੇਹਾ ਆਖਦਾ ਮੈਂ
ਯਾਰੀ ਤੋੜ ਗਿਐਂ
ਬਾਪੂ ! ਉਹ ਜਿਹਨੂੰ ਤੂੰ ਕੱਲਾ
ਹੀ ਨਹੀਂ ਸਾਰਾ ਪਿੰਡ ਹੀ
ਖਾਲਾ ਆਖਦਾ
ਫਾਤਿਮਾ ਖਾਲਾ
ਜੀਹਨੇ ਵੱਡੀ ਬੇਬੇ ਦਾ
ਵੀ ਕਰਵਾਇਆ ਸੀ ਜਾਪਾ
ਤੇ ਤੂੰ ਇਸ ਦੁਨੀਆਂ ਦਾ
ਸੂਰਜ ਵੇਖਿਆ ਸੀ
ਕਿਵੇਂ ਤੂੰ ਲੜ ਪੈਂਦਾ ਸੈਂ
ਉਹਦੇ ਨਾਲ
ਜਦੋਂ ਉਹ ਤੈਨੂੰ ਬਾਲ-ਉਮਰੇ
ਛੇੜਦੀ ਸੀ
ਆਖ ਕੇ ‘ਤੇਰੇ ਬਾਬੇ ਦਾ ਕੜਾਹ ਖਾਸਾਂ'
ਮਰਨ ਤੋਂ ਇਕ ਦਿਹੁੰ ਪਹਿਲਾਂ
ਹੀ ਤਾਂ ਤੂੰ ਅੱਖਾਂ ਭਰ ਕੇ
ਮਿੱਟੀ ਲਈ ਆਪਣੀ ਸਿੱਕ ਨੂੰ
ਅੱਖਾਂ ਵਿਚ ਹੜ ਕੇ
ਆਖਿਆ ਸੀ-ਓਏ ਛੋਹਰਾ !
ਮੇਰਾ ਸਮਾਂ ਆ ਗਿਆ ਈ
ਤੇਰੇ ਹੱਥ ਜੁੜ ਗਏ
ਰੱਬ ਸੱਚਿਆ !
ਅਗਲਾ ਜਨਮ
ਸਲੇਮਕੋਟ ਵਿਚ
ਦੇਵੀਂ।