ਨਾਗ ਬਿਰਹੋਂ ਦਾ ਖਾਧਾ,ਵਸਲਾਂ ਦੇ ਮੋਰ ਨੇ।
ਜਿੱਤ-ਮੁੱਕਟ ‘ਤੇ ਦਿੱਤੇ ਹੁੱਲੇ,ਮੋਰ-ਪੰਖ ਛੋਰ ਨੇ।
ਜਿੱਥੇ ਪੀੜ-ਪਰਸ਼ਾਦ,ਕੌੜਾ ਮਹੁਰਾ ਵੀ ਸਵਾਦ।
ਓਹਨੂੰ ਹਾਰਾਂ ਭਲਾਂ ਕਿੱਥੇ,ਜਿਹਦੀ ਜੰਗ ਹੀ ਅਰਾਧ?
ਕੁਸ਼ਤੇ ਬਣਾਏ ਜਿੰਨ੍ਹਾਂ, ਸੰਖ਼ੀਏ ਦੇ ਘੁੱਟ।
ਓਹ ਮਿੱਟੜੀ ਦੇ ਮੋਰ,ਕਦੇ ਹੁੰਦੇ ਨਹੀਂ ਟੁੱਟ।
ਬਦਾਮੀ ਮੁੱਖ ‘ਤੇ ਚੁਆਤੀ,ਬੇ-ਨਜ਼ੀਰ, ਵਡਆਕੀ
ਇਹ ਸੂਰਜਾਂ ਦੇ ਸਾਥੀ,ਭਾਵੇਂ ਕਾਲ਼ੇ ਘਣਕੋਰ ਨੇ।
ਜਿੱਥੇ ਗੱਡੇ ਵੀ ਜਹਾਜ਼,ਤੰਬੂ-ਤੱਪੜ ਵੀ ਤਾਜ਼
ਵਿਧੀ-ਬਣੀ ਨੂੰ ਮਖ਼ੌਲਾਂ,ਹਾਥੀ ਹੌਸਲੇ ਫ਼ੌਲਾਦ
ਜੰਗ-ਜੂਝ ਦੇ ਅਰਥ,ਨੂਰੀ-ਖੰਡੇ ਦੇ ਜਵਾਬ
ਜਿੱਥੇ ਮੌਤ-ਮੂੰਹੇ ਸਾਜ਼,ਦਿਓ-ਦਮਾਮੇ ਦੇ ਸਵਾਬ
ਰੂਹ-ਰੋਹੀ ਵਿੱਚ ਠੰਡ,ਸੂਹਾ-ਲਹੂ ਪਰਚੰਡ
ਮਾਲ਼ਾ,ਮਣੀਆਂ ‘ਚੋਂ ਜੰਮੇ,ਤੀਰ, ਤੁੰਗ, ਬਾਰਾਂ ਬੋਰ ਨੇ।
ਕੱਚੇ ਕੁੱਛੜ ਨਿਵਾਸੀ,ਸ਼ੀਰ-ਖੋਰੇ ਨੇ ਸ਼ਹੀਦ
ਹਿਮਾਲਿਆ ਦੇ ਝੰਡੇ ਬਣੇ,ਨੇਜ਼ੇ, ਸੂਲ਼ੀ ਦੇ ਮੁਰੀਦ
ਕਾਲ਼-ਕੋਠੜੀਆਂ ਵਿੱਚੋਂ ,ਸਾਜ਼-ਸੂਰੇ ਨੇ ਆਜ਼ਾਦ
ਅੱਕ-ਪੱਤਰਾਂ ਦਾ ਜਿੱਥੇ,ਪੂੜੇ-ਮੱਠੀ ‘ਜਾ ਸਵਾਦ
ਜਿੰਦੂ ਪੈੜਾਂ ਦੀ ਤਿਹਾਈ,ਮਿੱਧੇ ਪਾਣੀ ਪਰਛਾਈ
ਰੂਹ-ਕਲੂਤ ਜੁਦਾ ਕੀਤੇ,“ਤੂੰ”, “ਮੈਂ” ਵਾਲ਼ੀ ਲੋਰ ਨੇ।
ਨਾਗ ਬਿਰਹੋਂ ਦਾ ਖਾਧਾ,ਵਸਲਾਂ ਦੇ ਮੋਰ ਨੇ
ਜਿੱਤ-ਮੁੱਕਟ ਦੇ ਦਿੱਤੇ ਹੁੱਲੇ,ਮੋਰ-ਪੰਖ ਛੋਰ ਨੇ।