ਪੀਲ਼ੀ-ਪੂਰਬ ਲਗਾਵੇ ਟਿੱਕਾ, ਸੂਰਜ ਦੇ ਮੁੱਖ ‘ਤੇ
ਏਦਾਂ ਮੁੱਕਟ ਸਜਾਵੇ ਤਿੱਖਾ,ਸੀਸ ‘ਤੇ ਦੁਪਹਿਰ ਵੇ
ਕੇਸਰੀ ਪਲੰਘ ਸ਼ਾਮੀਂ,ਸੰਝ-ਰਾਣੀ ਭੇਂਟ ਕਰੇ
ਖ਼ਾਬ ਸੁੱਚੜੇ ਵਿਖਾਓਣ,ਰਾਤੀ ਤਿੰਨੇ ਪਹਿਰ ਵੇ।
ਲਿਤਾੜੀਆਂ ਨਾ ਜਾਣ, ਤਹਿਜ਼ੀਬ ਦੀਆਂ ਖੁੰਬਾਂ
ਹੌਲ਼ੀ-ਹੌਲ਼ੀ ਧਰੀਂ ਯੁੱਗਾ ,ਧਰਤੀ ‘ਤੇ ਪੈਰ ਵੇ
ਹਿੰਦ ਦੀ ਕਿਤਾਬ ਦਾ, ਪੰਜਾਬ “ਸਿਰਲੇਖ” ਰਿਹਾ
ਤੇਗਾਂ ਵਾਲ਼ੇ ਮੁਲ਼ਕਾਂ ਦੀ ,ਕਰੀਂ ਕਦੇ ਸੈਰ ਵੇ।
ਬੀੜਾਂ ਹੋਣੀਆਂ ਪ੍ਰੇਮ ਦੀਆਂ,ਝਨਾ ਵਿੱਚ ਡੋਬੀਆਂ
ਲਹਿਰਾਂ ‘ਤੇ ਗੁਲਾਬੀ ਰੰਗ, ਰਿਹਾ ਤਾਂਹੀ ਤੈਰ ਵੇ
ਹੁਸਨਾਂ ਦੇ ਵਾਲ਼ੀਆਂ ਤਾਂ,ਡੁੱਬ ਵਿਚਕਾਰ ਗਈਆਂ
ਕੋਜ਼ੀਆਂ-ਕਜ਼ੋਰਾਂ ਸਭ, ਟੱਪ ਗਈਆਂ ਨਹਿਰ ਵੇ।
ਅਲਸੀ ਦੇ ਲੀੜੇ ਵਾਂਗੂੰ,ਇਸ਼ਕੇ ਦੇ ਚੀਰਿਆਂ ਨੂੰ
ਪੁੰਨਿਆ ਤੋਂ ਚੰਨਾ, ਤੂੰ ਬਚਾਈਂ ਵੇ
ਸਿਆਹੀਆਂ ਕਸੇਰੇ ਦੀਆਂ,ਬਲ਼ਣੀ ‘ਚ ਘੋਲ਼ ਬੈਠੀ
ਅਖਰੋਟਾਂ ਰੰਗੇ,ਝੱਗੜੇ ਰੰਗਾਈ ਵੇ।
ਕਦੇ ਸੋਹਣੀ-ਸੱਸੀ ਆਖਦੇ,ਸਿਆਣੇ ਮੈਂਨੂੰ ਝੱਲੜੀ ਨੂੰ
ਕਦੇ ਮੀਰਾਂ-ਮੀਰਾਂ ,ਆਖਦਾ ਜਹਾਨ ਵੇ
ਕੰਦਰੀ-ਹਰਨ ਜਿਹੀ ,ਸਾਹਾਂ-ਸੀਨੇ ਵਾਸ਼ ਵਸੇ
ਲੱਗੇ ਮੁਸ਼ਕੀ ‘ਜੇ,ਤਿੱਤਰ ਚੁਰਾਨ ਵੇ।
ਰਠਿਆਂ-ਕਬੂਤਰਾਂ ਨੇ,ਹੀਸਾਂ ਵਿੱਚ ਬੋਟ ਪਾਲ਼ੇ
ਸ਼ਿਕਰੇ ਪਹਾੜੀਆਂ ਦੇ,ਗਏ ਜਦੋਂ ਪਿੰਡ ਵੇ
ਹੀਰਾ-ਕਣੀਆ-ਚੁਨੇਰੀਆਂ ‘ਤੇ,ਉੱਕਰੇ ਮਧਾਣੀ-ਫੁੱਲ
ਕੰਦ-ਮਿਸ਼ਰੀ ਜਿਓਂ ,ਮਿੱਠੇ ਹੋ ਗਏ,ਕੌੜੇ ਰਿੰਡ ਵੇ।
ਮੂੰਗਫਲ਼ੀ-ਮੂਸਲਾਂ ‘ਤੇ,ਹੋਏ ਕਾਕੜੇ-ਕੜੱਲ
ਛੋਲੇ-ਤਿਲ਼, ਅਲਸੀ ਨੂੰ,ਮਾਰੇ ਲਿਸ਼ਕੋਈ ਵੇ
ਬੋਤਾ ਜ਼ਰਕੀ ਦੇ ਝੁੱਲ ਵਾਲ਼ਾ,ਛਈ-ਛਈ ਤੋਰ ਜਾਨੀ
ਪੇਕਿਆਂ ਦੇ ਪਿੰਡ ਨੂੰ,ਕੁਵੇਲ਼ਾ ਜਾਂਦਾ ਹੋਈ ਵੇ।