ਨਾ ਰੋ ਮਿੱਟੀ ਦਿਆ ਬਾਵਿਆ

ਨਾ ਰੋ ਮਿੱਟੀ ਦਿਆ ਬਾਵਿਆ ਕਿੰਝ ਮਿਲੇ ਮਾਹੀ ਦਾ ਦੇਸ਼ 

ਰੋਇਆਂ ਨਾ ਮਿਲਣੀ ਸੋਹਣੀ ਧਰਤੀ ਰੋਇਆ ਨਾ ਮਿਟੇ ਕਲੇਸ਼

ਨਾ ਰੋ ਮਿੱਟੀ ਦਿਆ ਬਾਵਿਆ ਤੇਰੀ ਧਿਰ ਨਾ ਕੋਈ ਅਸਮਾਨ 

ਹੰਸ ਚੁਗੇਂਦੇ ਸੁੱਚੇ ਮੋਤੀ ਕਾਵਾਂ ਨੂੰ ਕੀ ਪਹਿਚਾਣ ?

ਨਾ ਰੋ ਮਿੱਟੀ ਦਿਆ ਬਾਵਿਆ ਤੇਰੇ ਸੋਹਣੇ ਲੰਮੜੇ ਕੇਸ 

ਮਿੱਠੀ ਨਾ ਲੱਗਦੀ ਬੋਲੀ ਮਾਂ ਦੀ ਮੈਲੇ ਤਾਂ ਸਾਡੇ ਵੇਸ

ਨਾ ਰੋ ਮਿੱਟੀ ਦਿਆ ਬਾਵਿਆ ਕੌਣ ਸੁਣੇਗਾ ਚੀਕ 

ਜਿਨ੍ਹਾਂ ਖਾਤਰ ਦੁੱਧ ਪੁੱਤ ਵਾਰੇ ਔਖੀ ਖਿੱਚਣੀ ਲੀਕ

ਨਾ ਰੋ ਮਿੱਟੀ ਦਿਆ ਬਾਵਿਆ ਸੁਣ ਵੰਗਾਂ ਦੇ ਵੈਣ 

ਧੀਆਂ ਦੇ ਦੁੱਖ ਧਰਤੀ ਜਾਣੇ ਵੀਰਾਂ ਦਾ ਜਾਣੇ ਭੈਣ

ਨਾ ਰੋ ਮਿੱਟੀ ਦਿਆ ਬਾਵਿਆ ਮੱਤ ਦਏ ਦਰਵੇਸ਼ 

ਮਾਂ ਮਿੱਟੀ ਦਾ ਮੋਹ ਨਾ ਜਿਸ ਨੂੰ ਉਹਨਾਂ ਲਈ ਸਭ ਪਰਦੇਸ

ਨਾ ਰੋ ਮਿੱਟੀ ਦਿਆ ਬਾਵਿਆ ਆਸ਼ਕ ਦਏ ਅਸੀਸ 

ਸੁਣੀ ਜਾਵੇਗੀ ਧੁਰ ਦਰਗਾਹੀਂ ਜੋ ਉਠੇ ਕਲੇਜੇ ਚੀਸ

ਨਾ ਰੋ ਮਿੱਟੀ ਦਿਆ ਬਾਵਿਆ ਲਿਖ ਆਪਣੀ ਤਕਦੀਰ 

ਸੁੱਕੇ ਬਾਗ ਹਰੇ ਹੋ ਥੀਵਣ ਕਰ ਐਸੀ ਤਦਬੀਰ

ਨਾ ਰੋ ਮਿੱਟੀ ਦਿਆ ਬਾਵਿਆ ਸੁਣ ਅੰਬਰ ਦੀ ਗੱਲ 

ਅੱਜ ਨੂੰ ਜੇ ਤੂੰ ਲੇਖੇ ਲਾਵੇਂ ਤੇਰਾ ਫੇਰ ਖਿੜੇਗਾ ਕੱਲ੍ਹ

ਨਾ ਰੋ ਮਿੱਟੀ ਦਿਆ ਬਾਵਿਆ ਤੱਕ ਸੂਰਜ ਦੀ ਲੋਅ 

ਏਸੇ ਮਿੱਟੀਓਂ ਜਨਮ ਲਿਆ ਇਹਦੀ ਬਣ ਖੁਸ਼ਬੋ

📝 ਸੋਧ ਲਈ ਭੇਜੋ