ਣਾਣਾ ਣਿਕੜੀ ਉਮਰ ਸਤਸੰਗ ਕਰੀਏ, ਤਾਂ ਫਿਰ ਰੰਗ ਸਰੀਰ ਨੂੰ ਆਂਵਦਾ ਈ।

ਨਿੱਕੀ ਲਗਰ ਨੂੰ ਚੜ੍ਹੇਗਾ ਪਿਉਂਦੇ ਪਿਆਰੇ, ਵੱਡੀ ਹੋਈ ਨੂੰ ਪਿਉਂਦ ਨਾ ਆਂਵਦਾ ਈ।

ਬਾਲ ਉਮਰ ਧਰੂ ਨੇ ਭਗਤੀ ਕੀਤੀ, ਉੱਚੀ ਪਦਵੀ ਮੁਕਤ ਕੋ ਪਾਂਵਦਾ ਈ।

ਜਿਹੜੇ ਧਰਮ ਤੋਂ ਜਾਨ ਕੁਰਬਾਨ ਕਰਦੇ, ਰੱਬ ਤਿਨ੍ਹਾਂ ਨੂੰ ਪੂਰੀਆਂ ਪਾਂਵਦਾ

ਕੀਤੀ ਬੰਦੇ ਦੀ ਬੰਦਾ ਨਾ ਰੱਖ ਸਕੇ, ਸਚਾ ਸਾਹਿਬ ਕਦੋਂ ਅਟਕਾਂਵਦਾ ਈ।

ਧਰਮ ਬੀਜਣੇ ਦੀ ਜਿਹੜੀ ਉਮਰ ਹੈਸੀ, ਕੰਮਾਂ ਖੋਟਿਆਂ ਵਿੱਚ ਲੰਘਾਂਵਦਾ ਈ।

ਬਾਲਕ ਉਮਰ ਗੁਆਂਵਦਾ ਖੇਲਨੇ ਮੇਂ, ਚੋਬਰ ਹੋਇ ਤਾ ਕਾਮ ਸਤਾਂਵਦਾ ਈ।

ਅੱਠ ਪਹਿਰ ਗ਼ਾਫ਼ਲ ਬਦ ਨਜ਼ਰ ਝਾਕੇ, ਧੀਆਂ ਬੇਟੀਆਂ ਰੋਜ਼ ਤਕਾਂਵਦਾ

ਹੋਇਆ ਬ੍ਰਿਧ ਪਰ ਬੁੱਧ ਨਾ ਅਜੇ ਆਈ, ਨਿੰਦਾ ਚੁਗ਼ਲੀਆਂ ਨਿੱਤ ਕਮਾਂਵਦਾ

ਰੋਮਾਂ ਕਾਲਿਆਂ ਤੋਂ ਹੋਏ ਵਾਲ ਚਿੱਟੇ, ਤਦੋਂ ਰੰਗ ਸਰੀਰ ਵਟਾਂਵਦਾ ਈ।

ਬਿਨਾਂ ਸੋਟਿਓ ਤੁਰਨ ਮਹਾਲ ਹੋਇਆ, ਨਹੀਂ ਬੈਠਕੇ ਉਠਿਆ ਜਾਂਵਦਾ ਈ।

ਬੁੱਢਾ ਹੋਇਕੇ ਉਖੜੇ ਦੰਦ ਦਾੜਾਂ, ਖਾਣ ਪੀਣ ਦਾ ਸੁਆਦ ਨਾ ਆਂਵਦਾ ਈ।

ਰਸ ਜੀਭ 'ਚੋਂ ਨੈਣ ’ਚੋਂ ਜੋਤ ਘਟਗੀ, ਸਿਰ ਕੇਲਿਆਂ ਵਾਂਗ ਹਿਲਾਂਵਦਾ ਈ।

ਬਾਹਲੇ ਧਨ ਵਾਲਾ ਤਾੜੇ ਪੁੱਤਰਾਂ ਦੇ, ਪਾਟੇ ਕਪੜੇ ਪਿਆ ਹੰਡਾਂਵਦਾ ਈ।

ਨੂੰਹਾਂ ਪੋਤਰੇ ਘੂਰੀਆਂ ਵਟਦੇ ਹੈਂ, ਮੁੱਖੋ ਆਖਦੇ ਕਿਆ ਸਤਾਂਵਦਾ ਈ।

ਸਿਰ ਝੂਲਦਾ ਰੂਪ ਬੇਸ਼ਕਲ ਹੋਇਆ, ਤੁਰੇ ਨਾਟ ਦਾ ਸਾਜ ਜਿਉਂ ਆਂਵਦਾ ਈ।

ਬਾਬੇ ਡੈਣ ਦਾ ਨੂਹਾਂ ਸ਼ਕੀਨਣਾਂ ਦਾ, ਦਰਸ਼ਨ ਕਰਨ ਨੂੰ ਚਿੱਤ ਨਾ ਚਾਂਹਵਦਾ ਈ।

ਬ੍ਰਿਧ ਹੋਏ ਨੂੰ ਲਗਦੇ ਰੋਗ ਸਾਰੇ, ਥੁੱਕ-ਥੁੱਕ ਕੇ ਡਗਾ ਗੁਆਂਵਦਾ ਈ।

ਦੇਵਾ ਸਿੰਘ ਜਦੋਂ ਮਰ ਗਿਆ ਬਾਬਾ, ਸਾਰਾ ਕੋੜਮਾਂ ਸ਼ੁਕਰ ਮਨਾਂਵਦਾ ਈ।

📝 ਸੋਧ ਲਈ ਭੇਜੋ