ਣਾਣਾ ਆਖਦਾ ਨਾਮ ਦੇ ਜਪਨ ਵਾਲੇ, ਸੁੱਖ ਲੋਕ ਪਰਲੋਕ ਮੇਂ ਪਾਇ ਲੈਂਦੇ। 

ਪੈਸਾ ਧਰਮ ਦਾ ਬੈਂਕ ਜਮ੍ਹਾਂ ਕੀਤਾ, ਨੋਟ ਪਾਸ ਦਰਗਾਹ 'ਚੋਂ ਜਾਇ ਲੈਂਦੇ। 

ਪਰਵਦਗਾਰ ਦੇ ਹੈ ਕਾਸ਼ਤਕਾਰ ਸੋਈ, ਜਿਹੜੇ ਧਰਮ ਦਾ ਖੇਤ ਬਜਾਏ ਲੈਂਦੇ। 

ਕਰਮ ਜਿਨ੍ਹਾਂ ਦੇ ਧੁਰੋਂ ਸਵੇਲੜੇ ਨੇ, ਬਿਨਾਂ ਇਲਮ ਤਰੱਕੀਆਂ ਪਾਇ ਲੈਂਦੇ। 

ਹਾਰ ਦੇਂਵਦੇ ਲੇਖ ਨਸੀਬ ਜਿਹਨੂੰ, ਘਰ-ਘਰ ਵਿਚ ਫਿਰਨ ਗਵਾਏ ਲੈਂਦੇ। 

ਦਾਤੇ ਦਾਨ ਕਰਦੇ ਦਯਾਵਾਨ ਹੋਕੇ, ਖਾਂਦੇ ਫੇਰ ਜਾਂ ਕਿਸੇ ਖੁਲਾਇ ਲੈਂਦੇ। 

ਰੱਬ ਕਰੇ ਮੁਰਾਦ ਜੇ ਇਕ ਪੂਰੀ, ਫੇਰ ਵਾਸ਼ਨਾ ਹੋਰ ਵਧਾਇ ਲੈਂਦੇ।

ਹੁੰਦੇ ਨਹੀਂ ਮਨਜੂਰ ਦਰਗਾਹ ਅੰਦਰ, ਬਿਨਾਂ ਨਾਮ ਤੋਂ ਜਿਹੜੇ ਸਾਹਿ ਲੈਂਦੇ।

ਜਿਹੜੇ ਅੱਜ ਬੰਦੇ ਜਿੰਦ ਜੀਂਵਦੇ ਨੇ, ਕੋਈ ਰੋਜ਼ ਜਹਾਨ ਤੋਂ ਵਾਇ ਲੈਂਦੇ।

ਵਿੱਛੜ ਗਏ ਮਸ਼ੂਕ ਮਲੂਕ ਜਿਨ੍ਹਾਂ ਦੇ, ਰੋਇ-ਰੋਇ ਕੇ ਨੈਣ ਗਵਾਇ ਲੈਂਦੇ। 

ਸੱਚੀ ਉਹਨਾਂ ਦੀ ਹੁੰਦੀ ਪ੍ਰੀਤ ਲੋਕੋ, ਜਿਹੜੇ ਸਿਰ ਦੇ ਨਾਲ ਪੁਜਾਇ ਲੈਂਦੇ। 

ਛੱਡ ਦੇਣ ਤਦਬੀਰ ਫ਼ਕੀਰ ਸਾਈਂ, ਮੰਨ ਰੱਬ ਦੀ ਇਕ ਰਜ਼ਾਇ ਲੈਂਦੇ। 

ਗੁਨਾਹਗਾਰ ਬਖ਼ਸ਼ਾਂਵਦੇ ਔਗਣਾਂ ਨੂੰ, ਗੱਲ ਪੱਲੜਾ ਮੁੱਖ ਮੇਂ ਘਾਇ ਲੈਂਦੇ

ਚੰਦ ਜਿਨ੍ਹਾਂ ਦਾ ਪਰਮਾਤਮਾ ਦਿਆ ਸਿੰਘਾ, ਅੱਖਾਂ ਵਾਂਗ ਚਕੋਰ ਦੇ ਲਾਇ ਲੈਂਦੇ।

📝 ਸੋਧ ਲਈ ਭੇਜੋ