ਨਾਜ਼ ਨਖ਼ਰੇ ਦੀ ਇਬਾਰਤ

ਨਾਜ਼ ਨਖ਼ਰੇ ਦੀ ਇਬਾਰਤ ਯਾਦ ਆਉਂਦੀ ਹੈ ਬੜੀ

ਰੰਗ ਗੋਰੇ ਦੀ ਤਿਜਾਰਤ ਯਾਦ ਆਉਂਦੀ ਹੈ ਬੜੀ

ਜਿਸ ’ਚ ਸੀ ਤਸਵੀਰ ਦਿਲ ਦੀ ਸੰਗਮਰਮਰ ’ਤੇ ਬਣੀ

ਸ਼ੀਸ਼ਿਆਂ ਦੀ ਉਹ ਇਮਾਰਤ ਯਾਦ ਆਉਂਦੀ ਹੈ ਬੜੀ

ਸੀ ਬੜੀ ਮੁਸ਼ਕਿਲ ਤੇ ਉੱਤਰ ਵੀ ਜਿਦ੍ਹਾ ਤੂਫ਼ਾਨ ਸੀ

ਇਕ ਨਦੀ ਦੀ ਉਹ ਬੁਝਾਰਤ ਯਾਦ ਆਉਂਦੀ ਹੈ ਬੜੀ

ਫੇਰ ਕੀ ਜੇ ਸਰਦ ਹਉਕੇ ਹੁਣ ਮੇਰੀ ਹੋਣੀ ਬਣੇ

ਗਰਮ ਸਾਹਾਂ ਦੀ ਹਰਾਰਤ ਯਾਦ ਆਉਂਦੀ ਹੈ ਬੜੀ

ਯਾਦ ਰੱਖਣਯੋਗ ਮਿਲਿਆ ਨਾ ਕਦੇ ਕੁਝ ਪਰ ਤੇਰੀ

ਬੇਵਫ਼ਾਈ ਵਿਚ ਮੁਹਾਰਤ ਯਾਦ ਆਉਂਦੀ ਹੈ ਬੜੀ

ਸ਼ੇਅਰ ਮੈਂ ਸਾਰੇ ਸ਼ਰਾਫ਼ਤ ਨੂੰ ਸਮਰਪਿਤ ਕਰ ਦਿਆਂ

ਪਰ ਸ਼ਰੀਫ਼ਾਂ ਦੀ ਸ਼ਰਾਰਤ ਯਾਦ ਆਉਂਦੀ ਹੈ ਬੜੀ

📝 ਸੋਧ ਲਈ ਭੇਜੋ