ਨਦੀਓਂ ਪਾਰ

ਸਾਈਆਂ ਵੇ ਸਾਨੂੰ ਲੈ ਚਲ ਨਦੀਓਂ ਪਾਰ 

ਸਾਈਆਂ ਵੇ ਸਾਡਾ ਉਥੇ ਵਸਦਾ ਯਾਰ 

ਨਦੀਓਂ ਪਾਰ ਮੁਹੱਬਤਾਂ ਸੁੱਚੀਆਂ 

ਮਨ ਨੀਵੇਂ ਤੇ ਮੱਤਾਂ ਉੱਚੀਆਂ 

ਮੈਂ ਵਿਚ ਮੈਂ ਹਾਂ ਸੜਦਾ ਰਹਿੰਦਾ 

ਮੈਂ ਨਾ ਦੇਵੇ ਮਾਰ

ਸਾਈਆਂ ਵੇ ਸਾਨੂੰ ਲੈ ਚਲ ਨਦੀਓਂ ਪਾਰ

ਓਸ ਪਾਰ ਕੋਈ ਜਾਤ ਨਹੀਂ ਪੁੱਛਦਾ 

ਏਸ ਪਾਰ ਕੋਈ ਵਾਤ ਨਹੀਂ ਪੁੱਛਦਾ 

ਫੁੱਲ ਦੇਹੀ ਦਾ ਜਿਸ ਲਈ ਮਹਿਕੇ 

ਉਹ ਲੋੜੇ ਅੰਗਿਆਰ

ਸਾਈਆਂ ਵੇ ਸਾਨੂੰ ਲੈ ਚਲ ਨਦੀਓਂ ਪਾਰ

ਉਸ ਪਾਰ ਸਦ ਖੁਸ਼ੀਆਂ ਖੇੜਾ 

ਇਸ ਪਾਰ ਪੀੜਾਂ ਦਾ ਡੇਰਾ

ਪੌਣ ਪਾਣੀ ਨੂੰ ਵੰਡਣ ਵਾਲੇ 

ਕਿਸਦੇ ਬੇਲੀ ਯਾਰ

ਸਾਈਆਂ ਵੇ ਸਾਨੂੰ ਲੈ ਚਲ ਨਦੀਓਂ ਪਾਰ

ਉਸ ਪਾਰ ਸਾਡਾ ਨੂਰ ਇਲਾਹੀ 

ਉਸ ਪਾਰ ਸਾਡਾ ਰਾਂਝਣ ਮਾਹੀ 

ਰਾਂਝਣ ਰੂਹ ਦਾ ਰੌਣਕ ਮੇਲਾ 

ਰਾਂਝਣ ਰਾਗ ਮਲ੍ਹਾਰ

ਸਾਈਆਂ ਵੇ ਸਾਨੂੰ ਲੈ ਚਲ ਨਦੀਓਂ ਪਾਰ 

ਸਾਈਆਂ ਵੇ ਸਾਡਾ ਉਥੇ ਵਸਦਾ ਯਾਰ

📝 ਸੋਧ ਲਈ ਭੇਜੋ