ਨਾਫ਼ਰਮਾਨੀ

ਤੈਅ ਕਰੋਗੇ ਤੁਸੀਂ? 

ਕਿ ਗਾਈਏ ਕਿਹੜਾ ਗੀਤ ਅਸੀਂ !! 

ਤੈਅ ਕਰੋਗੇ ਤੁਸੀਂ

ਕਿ ਮੰਨੀਏ ਕਿਹੜੀ ਰੀਤ ਅਸੀਂ !! 

ਤੈਅ ਕਰੋਗੇ ਤੁਸੀਂ ?

ਕਿ ਸੁੱਚੇ ਹਾਂ ਜਾਂ ਪਲੀਤ ਅਸੀਂ !! 

ਹਰ ਵਾਰੀ ਗੱਲ ਝੂਠੀ ਥੋਡੀ ਚੜ੍ਹਣੀ ਪੂਰ ਨਹੀਂ । 

ਨਹੀਂ ਨਹੀਂ ਫੁਰਮਾਨ ਤੁਹਾਡੇ ਹੁਣ ਮਨਜ਼ੂਰ ਨਹੀਂ

ਤੈਅ ਕਰੋਗੇ ਤੁਸੀਂ

ਕਿ ਬੱਦਲ਼ ਵਰ੍ਹਨੇ ਨੇ ਕਿੱਥੇ !!

ਤੈਅ ਕਰੋਗੇ ਤੁਸੀਂ

ਕਿ ਡਿੱਗਣੇ ਝਰਨੇ ਨੇ ਕਿੱਥੇ !!

ਤੈਅ ਕਰੋਗੇ ਤੁਸੀਂ

ਕਿ ਤਾਰੇ ਚੜ੍ਹਣੇ ਨੇ ਕਿੱਥੇ !!

ਸ਼ਹਿਰ ਮੇਰੇ ਵਿੱਚ ਚੱਲਣੇ ਜੰਗਲ਼ ਦੇ ਦਸਤੂਰ ਨਹੀਂ ,

ਨਹੀਂ ਨਹੀਂ ਫੁਰਮਾਨ ਤੁਹਾਡੇ ਹੁਣ ਮਨਜ਼ੂਰ ਨਹੀਂ

ਤੈਅ ਕਰੋਗੇ ਤੁਸੀਂ ?

ਕਿ ਸਾਹ ਕਿੰਜ ਲੈਣਾਂ ਲੋਕਾਂ ਨੇ !!

ਤੈਅ ਕਰੋਗੇ ਤੁਸੀਂ ?

ਕਿ ਕੀ ਹੈ ਕਹਿਣਾਂ ਲੋਕਾਂ ਨੇ !!

ਤੈਅ ਕਰੋਗੇ ਤੁਸੀਂ ?

ਕਿ ਹੈ ਕਿੰਜ ਰਹਿਣਾਂ ਲੋਕਾਂ ਨੇ !!

ਭੁਗਤਣ ਸਜ਼ਾ ਉਹ ਜਿੰਨਾਂ ਦਾ ਕਿ ਕੋਈ ਕਸੂਰ ਨਹੀਂ

ਨਹੀਂ ਨਹੀਂ ਫੁਰਮਾਨ ਤੁਹਾਡੇ ਹੁਣ ਮਨਜ਼ੂਰ ਨਹੀਂ

ਤੈਅ ਕਰੋਗੇ ਤੁਸੀਂ ?

ਕਿ ਸਾਡੀ ਹਸਤੀ ਕੀ ਹੋਵੇ !!

ਤੈਅ ਕਰੋਗੇ ਤੁਸੀਂ ?

ਕਿ ਵਤਨ-ਪ੍ਰਸਤੀ ਕੀ ਹੋਵੇ !!

ਤੈਅ ਕਰੋਗੇ ਤੁਸੀਂ ?

ਕਿ ਦਿਲ ਦੀ ਮਸਤੀ ਕੀ ਹੋਵੇ !!

ਇਹ ਨਾ ਸਮਝਿਓ ਮਾਂਵਾਂ ਜੰਮਦੀਆਂ ਹੁਣ ਮਨਸੂਰ ਨਹੀਂ

ਨਹੀਂ ਨਹੀਂ ਫੁਰਮਾਨ ਤੁਹਾਡੇ ਹੁਣ ਮਨਜ਼ੂਰ ਨਹੀਂ

ਤੈਅ ਕਰੋਗੇ ਤੁਸੀਂ ?

ਕਿ ਸਾਡਾ ਚੁੱਲ੍ਹਾ ਬਲ਼ੇ ਕਦੋਂ!!

ਤੈਅ ਕਰੋਗੇ ਤੁਸੀਂ ?

ਕਿ ਚੜ੍ਹਕੇ ਸੂਰਜ ਢਲ਼ੇ ਕਦੋਂ !!

ਤੈਅ ਕਰੋਗੇ ਤੁਸੀਂ ?

ਕਿ ਖ਼ੁਸ਼ਬੋ ਹਵਾ ‘ਚ ਰਲ਼ੇ ਕਦੋਂ !!

ਖ਼ਾਬ ਅਸਾਡੇ ਪਰ ਕੋਈ ਕਰ ਸਕਦਾ ਚੂਰ ਨਹੀਂ

ਨਹੀਂ ਨਹੀਂ ਫੁਰਮਾਨ ਤੁਹਾਡੇ ਹੁਣ ਮਨਜ਼ੂਰ ਨਹੀਂ

ਤੈਅ ਕਰੋਗੇ ਤੁਸੀਂ ?

ਕਿ ਹੱਸਣਾ ਕਦ ਹੈ ਬਾਲਾਂ ਨੇ !!

ਤੈਅ ਕਰੋਗੇ ਤੁਸੀਂ ?

ਕਿ ਉੱਠਣੈ ਕਦੋਂ ਸਵਾਲਾਂ ਨੇ !!

ਤੈਅ ਕਰੋਗੇ ਤੁਸੀਂ ?

ਕਿ ਮਘਣੈ ਕਦੋਂ ਖ਼ਿਆਲਾਂ ਨੇ !!

ਭਰਮ ਹੈ ਥੋਨੂੰ ਟੁੱਟਣਾ ਥੋਡਾ ਕਦੇ ਗ਼ਰੂਰ ਨਹੀਂ, 

ਨਹੀਂ ਨਹੀਂ ਫੁਰਮਾਨ ਤੁਹਾਡੇ ਹੁਣ ਮਨਜ਼ੂਰ ਨਹੀਂ

ਤੈਅ ਕਰਾਂਗੇ ਅਸੀਂ,

ਕਿ ਜੀਵਨ-ਆਸ਼ਾ ਕੀ ਹੋਵੇ, 

ਤੈਅ ਕਰਾਂਗੇ ਅਸੀਂ, 

ਕਿ ਸਾਡੀ ਭਾਸ਼ਾ ਕੀ ਹੋਵੇ, 

ਤੈਅ ਕਰਾਂਗੇ ਅਸੀਂ,

ਕਿ ਜਗਤ-ਤਮਾਸ਼ਾ ਕੀ ਹੋਵੇ,

ਚੱਲਦਾ ਰਹੇ ‘ਅਜ਼ੀਮ’ ਕਾਫਲਾ 

ਮੰਜ਼ਲ ਦੂਰ ਨਹੀਂ

ਨਾਦਰਸ਼ਾਹੀ ਪਰ ਫੁਰਮਾਨ ਕਦੇ ਮਨਜ਼ੂਰ ਨਹੀਂ

📝 ਸੋਧ ਲਈ ਭੇਜੋ