ਨਗਰ ਦਾ ਹਰ ਬਸ਼ਰ ਹੁਣ ਇਸ ਕਦਰ ਹੈ ਭਟਕਦਾ ਰਹਿੰਦਾ
ਪਤਾ ਉਹ ਆਪਣਾ ਹੀ ਘਰ ਦੇ ਅੰਦਰ ਢੂੰਡਦਾ ਰਹਿੰਦਾ
ਵਫ਼ਾ ਦੀ ਪਾਕ ਮੰਜ਼ਿਲ ’ਤੇ ਭਲਾ ਉਹ ਖ਼ਾਕ ਪਹੁੰਚੇਗਾ
ਮੇਰੇ ਤੇ ਗ਼ੈਰ ਦੇ ਵਿਚਕਾਰ ਹੀ ਜੋ ਲਟਕਦਾ ਰਹਿੰਦਾ
ਕਿਤੇ ਜੇ ਯਾਰ ਨੂੰ ਇਤਬਾਰ ਹੁੰਦਾ ਪਿਆਰ ਮੇਰੇ ’ਤੇ
ਤਲੀ ’ਤੇ ਤੋੜ ਕੇ ਵੰਗ ਪਿਆਰ ਉਹ ਨਾ ਪਰਖਦਾ ਰਹਿੰਦਾ
ਜਵਾਬੀ ਖ਼ਤ ’ਚ ਮਾਰੂਥਲ ਬਣਾ ਕੀ ਭੇਜਿਆ ਉਸਨੇ
ਮੇਰੇ ਨੈਣਾਂ ’ਚੋਂ ਸਾਵਣ ਰਾਤ ਦਿਨ ਹੈ ਬਰਸਦਾ ਰਹਿੰਦਾ
ਮੁਹੱਬਤ ਕੀ ਕਰੇਗਾ ਉਹ ਜੋ ਦਿਲ ਦੇ ਮਾਮਲੇ ਵਿਚ ਵੀ
ਦਿਮਾਗ਼ੀ ਖੋਜ ਕਾਰਜ ਦੇ ਹਵਾਲੇ ਵਰਤਦਾ ਰਹਿੰਦਾ
ਜਦੋਂ ਇਕ ਲਾਲ ਸੂਹਾ ਫੁੱਲ ਉਸਨੂੰ ਯਾਦ ਆ ਜਾਵੇ
ਬੜਾ ਚਿਰ ਉਹ ਕਿਸੇ ਡਾਇਰੀ ਦੇ ਪੰਨੇ ਪਰਤਦਾ ਰਹਿੰਦਾ
ਜਿਦੇ੍ਹ ਵਿਚ ਤਿਤਲੀਆਂ ਦੇ ਸ਼ੋਖ਼ ਰੰਗਾਂ ਨੂੰ ਨ ਫੜ ਸਕਿਆ
‘ਅਮਰ’ ਉਸ ਅਣਲਿਖੀ ਕਵਿਤਾ ਦੇ ਵਿਚ ਹੀ ਵਿਚਰਦਾ ਰਹਿੰਦਾ