ਫੂਕ ਟੋਟਰੂ ਦੀ ਨਾਲ਼, ਬੂਰ ਝੜਦੇ ਨਈਂ ਹੁੰਦੇ

ਭੂੰਡ-ਭਬਕੀ ਦੇ ਕੋਲ਼ੋਂ, ਫੁੱਲ ਡਰਦੇ ਨਈਂ ਹੁੰਦੇ

ਕਾਂ, ਘੋਗੜ, ਬਨੇਰਿਆਂ ਨੂੰ, ਢਾਓਦੇਂ ਨਈਂ ਹੁੰਦੇ

ਨਗਾਰੇ ਗਿੱਦੜਾਂ ਦੀ ਖੱਲ ਦੇ, ਬਣਾਉਂਦੇ ਨਈਂ ਹੁੰਦੇ।

ਜੋ ਕੁੜੀਆਂ ਨੂੰ ਬਾਘਣਾਂ, ਬਲਾਵਾਂ ਆਖਦੇ

ਉਹ ਅੰਦਰੋਂ ਹੁੰਦੇ ਨੇ ਜਮਾਂ, ਢੇਰ ਰਾਖ ਦੇ

ਨਿੰਦ ਦੂਜਿਆ ਨੂੰ ਜਿਹੜੇ ਨੇ ਫ਼ਕੀਰ ਬਣਦੇ

ਉਹ ਕਲਮਾਂ ਦੇ ਮੇਚ ਕਦੇ, ਆਉਂਦੇ ਨਈਂ ਹੁੰਦੇ।

ਬਿਨਾਂ ਨਾਰੀ ਦੇ ਪਿਆਰ ਤੋਂ, ਫ਼ਕੀਰੀ ਕਿਸ ਕੰਮ ਦੀ

ਰੱਬ ਕਿਸ ਕੰਮ, ਰੱਬਗੀਰੀ ਕਿਸ ਕੰਮ ਦੀ?

ਬੈਠੀ ਮਾਂ ਨੂੰ ਨਿਹਾਰ, ਦਿਓ ਧੀ ਨੂੰ ਸਤਿਕਾਰ

ਸੁੱਚੇ ਰਿਸ਼ਤੇ ਖੁਦਾ ਤੋਂ, ਭਟਕਾਉਂਦੇ ਨਈਂ ਹੁੰਦੇ।

ਵਾਕ-ਨਾਨਕੀ ਤੇ ਗੋਰਖੀ-ਖ਼ਿਆਲ ਨਈਂ ਮਿਲਦੇ

ਦਵਾ-ਦਾਰੂ ਬਣਦੇ ਨਾ, ਪੱਤੇ ਬਿਲ ਦੇ

ਚੰਨ, ਸੂਰਜ ਤਾਂ ਛੱਪੜਾਂ ‘ਚ ਨਹਾਉਂਦੇ ਨਈਂ ਹੁੰਦੇ

ਤਾਰੇ ਦੀਵਿਆਂ ਦੇ ਉੱਤੇ, ਮੰਡਰਾਉਂਦੇ ਨਈਂ ਹੁੰਦੇ।

📝 ਸੋਧ ਲਈ ਭੇਜੋ