ਸੱਜਣ ਮੇਰਾ ਨਹੀਂ ਲੱਗਦਾ
ਨਹੀਂਉ ਲੱਗਦਾ ਮੇਰਾ ਜੀ
ਸੱਜਣ ਮੈਨੂੰ ਦੱਸ ਦੇਵੀਂ
ਤੂੰ ਲੱਗਦਾ ਮੇਰਾ ਕੀ
ਰਾਤ ਰਾਤ ਭਰ ਤਾਰੇ ਗਿਣਦਾ
ਇਕ ਵੀ ਨਾ ਆਪਣਾ ਤਾਰਾ
ਕਿਸ ਤਾਰੇ ਨੂੰ ਗਲ ਨਾਲ ਲਾਵਾਂ
ਦੂਰ ਤਾਂ ਮਿੱਤਰ ਪਿਆਰਾ
ਚੰਨ ਕਟੋਰਾ ਚਾਨਣ ਭਰਿਆ
ਘੁੱਟ ਘੁੱਟ ਕਰਕੇ ਪੀ
ਸੱਜਣ ਮੇਰਾ ਨਹੀਂ ਲੱਗਦਾ
ਨਹੀਂਉ ਲੱਗਦਾ ਮੇਰਾ ਜੀ
ਧਰਤ ਸੁਹਾਵੀ ਵਰਗੇ ਦਿਲਬਰ
ਮੈਂ ਬੱਦਲ ਅਸਮਾਨੀ
ਪੌਣਾਂ ਦੇ ਸੰਗ ਉਡਦੇ ਉਡਦੇ
ਬਿਰਥਾ ਗਈ ਜੁਆਨੀ
ਮੈਂ ਪਾਣੀ ਤੂੰ ਧਰਤ ਪਿਆਸੀ
ਕਿਣਮਿਣ ਕਣੀਆਂ ਪੀ
ਨਹੀਂਉ ਲੱਗਦਾ ਮੇਰਾ ਜੀ
ਤੂੰ ਚੰਦਨ ਤੂੰ ਕੇਸਰ ਅੜਿਆ
ਬਾਗ ਬਹਿਸ਼ਤੀਂ ਮੇਵਾ
ਜਦ ਸਾਹਾਂ ਦੀ ਪੱਤਰੀ ਫੋਲਾਂ
ਨਿਕਲੇ ਤੇਰਾ ਟੇਵਾ
ਤੇਰਾ ਸਾਥ ਨਸੀਬ ਜੇ ਹੋ ਜੇ
ਦੋ ਪਲ ਲਵਾਂ ਮੈਂ ਜੀ
ਨਹੀਂਉ ਲੱਗਦਾ ਮੇਰਾ ਜੀ
ਆਪਣਾ ਦਰਦ ਅਸਾਨੂੰ ਬਖਸ਼ੀਂ
ਸਾਨੂੰ ਦਰਦ ਪਿਆਰਾ
ਏਸ ਜਨਮ ਵਿੱਚ ਲਾਹ ਨਹੀਂ ਸਕਦਾ
ਤੇਰਾ ਕਰਜ਼ ਪਿਆਰਾ
ਪੁਨਰ ਜਨਮ ਤੈਨੂੰ ਫੇਰ ਮਿਲਾਂਗਾ
ਏਸ ਜਨਮ ਦਾ ਕੀ
ਨਹੀਂਉ ਲੱਗਦਾ ਮੇਰਾ ਜੀ
ਰੁੱਖ ਉਮਰ ਦਰਿਆ ਦਾ ਕੰਢਾ
ਆਖਰ ਨੂੰ ਖੁਰ ਜਾਣਾ
ਦਰ ਤੇਰੇ ਤੇ ਅਲਖ ਜਗਾ ਕੇ
ਇਕ ਦਿਨ ਹੈ ਤੁਰ ਜਾਣਾ
ਅੱਜ ਕੱਲ ਮੌਤ ਨਾ ਉਮਰਾਂ ਪੁਛਦੀ
ਕੀ ਤੋਂ ਹੋ ਜੇ ਕੀ
ਸੱਜਣ ਮੇਰਾ ਨਹੀਂ ਲੱਗਦਾ
ਨਹੀਂਉ ਲੱਗਦਾ ਮੇਰਾ ਜੀ।
ਸੱਜਣ ਮੈਨੂੰ ਦੱਸ ਦੇਵੀਂ ਤੂੰ ਲੱਗਦਾ ਮੇਰਾ ਕੀ