ਇਕ ਪਾਸੇ ਨਹੁੰ ਹੈ ਮੇਰਾ
ਦੂਜੇ ਪਾਸੇ ਮਾਸ ਹੈ ਮੇਰਾ
ਬਾਬਾ ਆਖੇ ਵੇ ਲੋਕੋ
ਨਹੁੰਆਂ ਤੋਂ ਮਾਸ ਵੀ ਕਦੇ
ਵੱਖ ਹੋਇਐ ਵੇ ਲੋਕੋ
ਇਹ ਧਰਤੀ ਸਾਰੀ ਸਾਂਝੀ ਹੈ
ਕਿਉਂ ਖ਼ਲਕਤ ਇਸ ਤੋਂ ਵਾਂਝੀ ਹੈ
ਇਹ ਪਾਣੀ ਵੀ ਸਭ ਲਈ ਹੈ
ਜਿਸਨੂੰ ਹੈ ਵੰਡਿਆ ਵੇ ਲੋਕੋ
ਬਾਬਾ ਆਖੇ ਵੇ ਲੋਕੋ
ਨਹੁੰਆਂ ਤੋਂ ਮਾਸ ਵੀ ਕਦੇ
ਵੱਖ ਹੋਇਐ ਵੇ ਲੋਕੋ
ਹਰਿਮੰਦਰ ਨਨਕਾਣਾ ਸਾਂਝਾ ਹੈ
ਸੂਫ਼ੀਆਨਾ ਤਰਾਣਾ ਸਾਂਝਾ ਹੈ
ਫ਼ਰੀਦ ਨਾਨਕ ਸਾਂਝੇ ਨੇ
ਨੁਸਰਤ ਮਾਣਕ ਸਾਂਝੇ ਨੇ
ਕਿਉਂ ਬੱਚੇ ਸਾਡੇ ਪਿਆਰੋਂ ਵਾਂਝੇ ਵੇ ਲੋਕੋ
ਬਾਬਾ ਆਖੇ ਵੇ ਲੋਕੋ
ਨਹੁੰਆਂ ਤੋਂ ਮਾਸ ਵੀ ਕਦੇ
ਵੱਖ ਹੋਇਐ ਵੇ ਲੋਕੋ
ਅਸੀਂ ਪਿਆਰ ਵਿਹਾਜਣ ਆਏ ਹਾਂ
ਅਸੀਂ ਮਹਿਕਾਂ ਦੇ ਸਰਮਾਏ ਹਾਂ
ਗੱਲ ਹੈ ਦੋ ਭਰਾਵਾਂ ਦੀ
ਸਾਂਝਾਂ ਤੇ ਚਾਵਾਂ ਦੀ
ਸਾਰੇ ਵੈਰ ਮੁਕਾਈਏ ਵੇ ਲੋਕੋ
ਬਾਬਾ ਆਖੇ ਵੇ ਲੋਕੋ
ਨਹੁੰਆਂ ਤੋਂ ਮਾਸ ਵੀ ਕਦੇ
ਵੱਖ ਹੋਇਐ ਵੇ ਲੋਕੋ
ਅਸੀਂ ਹੁਣ ਸਰਹੱਦਾਂ ਤੋਂ ਲੰਘ ਜਾਵਾਂਗੇ
ਭਾਈਆਂ ਤਾਈਂ ਗਲੇ ਲਗਾਵਾਂਗੇ
ਦਿਲ ਨੂੰ ਦਿਲ ਦੀ ਰਾਹ ਬਣਾਵਾਂਗੇ
ਵਿਛੜਿਆਂ ਤਾਈਂ ਮਿਲਾਵਾਂਗੇ
ਸਾਂਝੀ ਸਾਡੀ ਅਰਦਾਸ ਨਮਾਜ ਵੇ ਲੋਕੋ
ਬਾਬਾ ਆਖੇ ਵੇ ਲੋਕੋ
ਨਹੁੰਆਂ ਤੋਂ ਮਾਸ ਵੀ ਕਦੇ
ਵੱਖ ਹੋਇਐ ਵੇ ਲੋਕੋ