ਞਞਾ ਜਾਨ ਧੀਆਂ ਪੁੱਤਰ ਝੂਠ ਦੇ ਹੈਂ, ਜਿਹੜੇ ਅੱਖੀਆਂ ਨਾਲ ਦਿਸ ਔਣ ਤੈਨੂੰ।
ਬਾਪ ਆਖ ਬੁਲਾਂਵਦੇ ਮੁੱਖ ਸੇਤੀ, ਮੋਹ-ਜਾਲ ਵਿੱਚ ਦੇਹ ਫਸੌਣ ਤੈਨੂੰ।
ਧੰਦੇ ਰਹੇ ਗ਼ਲਤਾਨ ਕੁੰਟਬ ਖ਼ਾਤਰ, ਕੋਹਲੂ ਬਲਦ ਵਾਂਗ ਭਵੌਣ ਤੈਨੂੰ।
ਅੱਠੇ ਪਹਿਰ ਹੈ ਮੰਗਦੇ ਖਾਵਣੇ ਨੂੰ, ਕੀੜੇ ਪਏ ਸਰੀਰ ਦੁਖੌਣ ਤੈਨੂੰ।
ਠੱਗੀ ਦਗ਼ੇਬਾਜ਼ੀ ਕਰੇਂ ਜਿਨ੍ਹਾਂ ਖ਼ਾਤਰ, ਖਾਣ ਉਹ ਤੇ ਨਰਕ ਪੁਚੌਣ ਤੈਨੂੰ।
ਜਿੱਚਰ ਰਹੇਂ ਤੂੰ ਖੱਟ ਖੁਆਉਣ ਜੋਗਾ, ਤਿੱਚਰ ਆਦਰਾਂ ਨਾਲ ਬੁਲੌਣ ਤੈਨੂੰ।
ਸੁੱਤਾ ਪਿਆ ਹੈਂ ਮੋਹ ਦੀ ਰੈਣ ਅੰਦਰ, ਝੂਣ-ਝੂਣ ਕੇ ਵੇਦ ਜਗੌਣ ਤੈਨੂੰ।
ਧੀਆਂ ਪੁੱਤ ਨਾਰੀ ਸਭ ਮਤਲਬਾਂ ਦੇ, ਆਸ਼ਕ ਸੱਚ ਦਾ ਰਾਹ ਬਤਾਉਣ ਤੈਨੂੰ।
ਸੰਗਤ ਕਰੀਂ ਤੂੰ ਸੰਤ ਮਹਾਤਮਾ ਦੀ, ਜਿਹੜੇ ਮੁਕਤ ਦੀ ਜੁਗਤ ਬਤੌਣ ਤੈਨੂੰ।
ਲੋਹਿਓਂ ਕਰਨ ਸੋਨਾ ਲਾਕੇ ਗਿਆਨ ਪਾਰਸ, ਬੰਦੇ ਮਾਣਸੋਂ ਦੇਣ ਬਨੌਣ ਤੈਨੂੰ ।
ਚੱਕ ਭੈ ਤੇਰਾ ਮਰਨ-ਜੰਮਣੇ ਦਾ, ਬੰਦੇ ਜੀਵ ਤੋਂ ਬ੍ਰਹਮ ਬਨੌਣ ਤੈਨੂੰ ।
ਤਿੰਨਾਂ ਗੁਣਾਂ ਦੀ ਹੱਦ ਤੋਂ ਬਾਹਰ ਕਰਕੇ, ਤਿਰੀਆਂ-ਮੁਲਕ ਦਾ ਸੈਰ ਕਰੌਣ ਤੈਨੂੰ।
ਜਿੱਥੇ ਦੁਸ਼ਮਣ ਦੂਰ ਨਾ ਪਹੁੰਚ ਸਕੇ, ਦਸਵੇਂ ਦੁਆਰ ਦੇ ਕਿਲੇ ਝੜੌਣ ਤੈਨੂੰ।
ਤੇਰਾ ਮੁੱਕ ਜੇ ਔਣ ਤੇ ਜਾਣ ਬੰਦੇ, ਐਸਾ ਮੋਖਸੂ ਗਿਆਨ ਬਤੌਣ ਤੈਨੂੰ।
ਪੂਰਨ ਪੁਰਸ਼ ਤੂੰ ਢੂੰਡ ਲੈ ਦੇਵਾ ਸਿੰਘ, ਸਤਵੀਂ ਭੂਮਕਾ ਸੰਤ ਪਹੁੰਚਾਣ ਤੈਨੂੰ।