ਞਞਾ ਕਹੇ ਜਾਣੇ ਜਿਹੜਾ ਗੱਲ ਗੁੱਝੀ, ਕੋਈ ਹੋਵਸੀ ਪੁਰਸ਼ ਹਜ਼ਾਰ ਵਿੱਚੋਂ।
ਭੁੱਲੀ ਫਿਰੇਂ ਸਾਰੀ ਮੇਰੀ ਜਾਨ ਪਿਆਰੀ, ਹੋਸੀ ਕਿਸੇ ਨੂੰ ਅਸਲ ਵਿਚਾਰ ਵਿੱਚੋਂ।
ਅੱਗੋਂ ਹੋਂਵਦੇ ਮਗ਼ਜ਼ ਸਰੋਤਿਆਂ ਦੇ, ਲੇਕਨ ਸਮਝਦਾ ਕੋਈ ਤਿੰਨ ਤਾਰ ਵਿੱਚੋਂ ।
ਯਾਰੋ ਕੰਪਨੀ ਸੈਂਕੜੇ ਜਵਾਨਾਂ ਦੀ ਏ, ਇਕੋ ਹੋਂਵਦਾ ਠੀਕ ਸਰਦਾਰ ਵਿੱਚੋਂ ।
ਵੇਦ ਵਾਚਦੇ ਬਹੁਤ ਜਹਾਨ ਅੰਦਰ, ਕੋਈ ਕੱਢਦੇ ਅਰਕ ਨਿਤਾਰ ਵਿੱਚੋਂ।
ਕੁੱਤੇ ਲੱਖ ਨੇ ਪਾਸ ਸ਼ਿਕਾਰੀਆਂ ਦੇ, ਕੋਈ ਪਕੜਦਾ ਦੌੜ ਸ਼ਿਕਾਰ ਵਿੱਚੋਂ।
ਠੀਕ ਤਾਮ ਜਿਹੜਾ ਤ੍ਰਿਪਤਾਨ ਵਾਲਾ, ਸੋਈ ਮਿਲੂਗਾ ਸੰਤ ਭੰਡਾਰ ਵਿੱਚੋਂ।
ਥੋੜੀ ਗੱਲ ਦੇ ਨਾਲ ਵਸੂਲ ਨਾਹੀਂ, ਸੋਇਨਾ ਲੱਭਦਾ ਧੋਤਿਆਂ ਨਿਆਰ ਵਿੱਚੋਂ।
ਵਿਰਲੇ ਹਨ ਪੁੱਤਰ ਜੌਹਰੀ ਬੱਚਿਆਂ ਦੇ, ਦਮ੍ਹਕ ਦੇਖਦੇ ਲਾਲ ਜਵਾਹਰ ਵਿੱਚੋਂ ।
ਸੌਦਾ ਸੱਚ ਦਾ ਲੱਭੀਏ ਗ਼ੌਰ ਕਰਕੇ, ਮਿਲੇ ਮਾਲ ਨਾ ਸ਼ਹਿਰ-ਬਜ਼ਾਰ ਵਿੱਚੋਂ ।
ਜਿਹੜਾ ਆਸ਼ਕਾਂ-ਸਾਦਕਾਂ ਲੱਭਿਆ ਈ, ਜੂਆ ਵੱਖਰਾ ਜਿੱਤ ਤੇ ਹਾਰ ਵਿੱਚੋਂ ।
ਸੱਚ ਜਾਨ ਤੂੰ ਰੱਬ ਦੇ ਆਸ਼ਕਾਂ ਦੀ, ਚਾਲ ਵੱਖਰੀ ਯਾਰ ਸੰਸਾਰ ਵਿੱਚੋਂ ।
ਸੋਈ ਸਾਰਿਆਂ ਤੋਂ ਜੁਦਾ ਇਕ ਬੰਦੇ, ਦੇਂਦੀ ਅੰਗ ਜੋ ਤਾਰ ਸਿਤਾਰ ਵਿੱਚੋਂ।
ਦਯਾ ਸਿੰਘ ਨਾ ਹੋਰ ਥਾਂ ਹੱਥ ਮਾਰੀ, ਵਸਤ ਲੱਭ ਲਈ ਪੇਟ-ਪਟਾਰ ਵਿੱਚੋਂ।