ਨੱਨਾ ਨਿੱਤ ਮਨਾ ਤੈਨੂੰ ਦਿਆਂ ਮੱਤਾਂ, ਭਾਈ ਰਾਮ ਦਾ ਨਾਮ ਭੁਲਾਈਏ ਨਾ।
ਨਾਮ-ਦਾਨ ਕਰੇਂਦਿਆਂ ਢਿੱਲ ਕਹੀ, ਅੱਜ ਕਰੀਏ ਭਲਕੇ ਤਕਾਈਏ ਨਾ।
ਨਿੱਤ ਸਿਮਰਈਏ ਰਾਮ ਦਾ ਨਾਮ ਬੰਦੇ, ਕਾਜ਼ੀ ਵਾਂਗ ਨਮਾਜ਼ ਘੁਸਾਈਏ ਨਾ।
ਜੀਹਦੇ ਬੈਠਣੇ ਚੰਚਲ ਮੱਤ ਹੋਵੇ, ਸਖ਼ਤ ਪੁਰਸ਼ ਨੂੰ ਕੋਲ ਬਿਠਾਈਏ ਨਾ।
ਜਿਸਦੇ ਭੋਗਦੇ ਕੀਤਿਆਂ ਰੋਗ ਹੋਵੇ, ਐਸਾ ਕਦੇ ਪਦਾਰਥ ਖਾਈਏ ਨਾ।
ਜਿਹੜੇ ਵਣਜ ਚੋਂ ਨਫ਼ਾ ਨਾ ਕੁੱਝ ਹੋਵੇ, ਐਸਾ ਮਾਲ ਖ਼ਰੀਦਣੇ ਜਾਈਏ ਨਾ।
ਸਾਧੂ ਹੋਇ ਬਚੀਏ ਨਾਰੀਆਂ ਤੋਂ, ਏਸ ਭੇਖ ਨੂੰ ਲੀਕ ਲਗਾਈਏ ਨਾ।
ਜਿਹੜਾ ਮਿਲੇ ਸੋ ਖਾਇ ਅਨੰਦ ਰਹੀਏ, ਏਸ ਚਿੱਤ ਨੂੰ ਰੋਜ਼ ਭਟਕਾਈਏ ਨਾ।
ਖਾਈਏ ਹੱਕ ਦਾ ਪਾਪ ਨਾ ਦੋਸ਼ ਲੱਗੇ, ਠੱਗੀ ਮਾਰ ਮੁਰਦਾਰ ਨੂੰ ਖਾਈਏ ਨਾ।
ਛੱਡ ਵੈਰ ਵਿਰੋਧ ਸ਼ਿਰਕਤਾਂ ਨੂੰ, ਦੁੱਖੀਏ ਆਪ ਨਾ ਕਿਸੇ ਦੁੱਖਾਈਏ ਨਾ।
ਸੇਵਾ ਬੰਦਗੀ ਨਾਮ ਖ਼ਰੀਦ ਲਈਏ, ਖ਼ਾਲੀ ਏਸ ਜਹਾਨ ਤੋਂ ਜਾਈਏ ਨਾ।
ਲੇਖ ਆਪਣੇ ਖਾਵਣੇ ਮਨ ਮੇਰੇ, ਕਿਸੇ ਪੁਰਸ਼ ਦੀ ਓਟ ਤਕਾਈਏ ਨਾ।
ਕੀਤੀ ਰੱਬ ਦੀ ਮੰਨ ਤਕਦੀਰ ਲਈਏ. ਵਿੱਚ ਆਪ ਤਦਬੀਰ ਰਲਾਈਏ ਨਾ।
ਮੁਕਤੀ ਦਾ ਕੁੱਝ ਓਪਾਓ ਕਰੀਏ, ਆਵਾਗੌਣ ਮੇਂ ਦੁੱਖੜੇ ਪਾਈਏ ਨਾ।
ਮਾਨਸ-ਜਨਮ ਦੁਰਲੱਭ ਹੈ ਦੇਵਾ ਸਿੰਘਾ, ਐਵੇਂ ਲਾਲ ਬਦਖ਼ਸ਼ਾਂ ਦਾ ਗੁਆਈਏ ਨਾ।