ਨੰਨਾ ਕਹੇ ਨਾ ਇਲਮ ਤੇ ਅਮਲ ਕਰਦੇ, ਪੜ੍ਹ-ਪੜ੍ਹਕੇ ਮਗਜ਼ ਖਪਾਨ ਵਾਲੇ ।
ਗਿਆਨ-ਗੋਸ਼ਟੀ ਤੇ ਧਨੀ ਵਿਦਿਆ ਦੇ, ਵੇਦ ਵਿਆਸ ਨੂੰ ਪਰ੍ਹੇ ਹਟਾਨ ਵਾਲੇ ।
ਉਤੋਂ ਨੇਕ ਨਾ ਦਿਲਾਂ ਦੇ ਭੇਦ ਦੇਂਦੇ, ਦਾਹੜੀ ਸ਼ੇਖ਼ ਦੀ ਕਰਮ ਸ਼ੈਤਾਨ ਵਾਲੇ ।
ਐਬ ਕਈਆਂ ਦਾ ਬੋਲ ਕੇ ਜ਼ਾਹਰ ਕਰਦੇ, ਵਿੱਚੋਂ ਆਪਣੇ ਐਬ ਛਪਾਨ ਵਾਲੇ ।
ਮੰਦੇ ਕਰਮ ਕਰਦੇ ਗੁਨਾਹਗਾਰ ਪਾਪੀ, ਉੱਤੋਂ ਜਾਪਦੇ ਧਰਮ ਈਮਾਨ ਵਾਲੇ ।
ਏਥੇ ਜਾਪਦੇ ਇਹ ਭਿਸ਼ਤੀ ਲੋਕ ਯਾਰੋ, ਅੱਗੇ ਹਾਵੀਆਂ ਦੋਜ਼ਕੀ ਜਾਨ ਵਾਲੇ ।
ਸੁਣਕੇ ਰੱਬ ਦੇ ਹੁਕਮ ਨੂੰ ਗ਼ੈਰ-ਮੁਸਲਮ, ਮੋਮਨ ਮੱਕਰ ਦੇ ਨਾਲ ਕਹਾਨ ਵਾਲੇ ।
ਨਹੀਂ ਇਲਮ-ਕਲਾਮ ਤੇ ਅਮਲ ਕਰਦੇ, ਐਵੇਂ ਪੜ੍ਹਦੇ ਹਰਫ਼ ਕੁਰਾਨ ਵਾਲੇ ।
ਬੱਗੇ ਬਗਲਿਆਂ ਵਾਂਗਰਾਂ ਜਾਪਦੇ ਨੇ, ਵਿੱਚੋਂ ਮੱਛੀਆਂ-ਡੱਡੀਆਂ ਖ਼ਾਨ ਵਾਲੇ ।
ਬੋਲ ਕੋਇਲ ਸਮਾਨ ਸੁਣਾਂਵਦੇ ਨੇ, ਵਿੱਚੋਂ ਕਾਗ ਨੇ ਗੰਦਗੀ ਖ਼ਾਨ ਵਾਲੇ ।
ਆਪ ਨਾਲ ਪਿਆਸ ਦੇ ਜਲ ਮੋਏ, ਦੂਜੇ ਤਾਈਂ ਜੋ ਆਬ ਪਿਲਾਨ ਵਾਲੇ ।
ਉਤੋਂ ਧਾਰ ਦੇ ਰੂਪ ਨਿਤਾਣਿਆਂ ਦਾ, ਲਾਂਦੇ ਤਾਣ ਨੇ ਖ਼ੁਦੀ ਗੁਮਾਨ ਵਾਲੇ ।
ਸਿਰ ਤੇ ਝੰਡ ਪਾਖੰਡ ਦਾ ਧਾਰ ਲੈਂਦੇ, ਰੱਬ ਯਾਦ ਨਾ ਸਾਧ ਸਦਾਨ ਵਾਲੇ ।
ਆਪ ਧਾਰਨਾ ਰਹਿਤ ਦੁਐਤ ਬਾਦੀ, ਮੁਖੋਂ ਗੋਲੜੇ ਗਿਆਨ ਚਲਾਨ ਵਾਲੇ ।
ਤਿਆਗੀ ਆਖਦੇ ਐਬ ਸ਼ਰੱਈ ਪੰਜੇ, ਰੋਜ਼ਾ ਰੱਖਕੇ ਦੁਗਨਾ ਖਾਨ ਵਾਲੇ ।
ਵਿਚੋਂ ਵੇਖੀਏ ਜੀਵ ਦੇ ਜੀਵ ਬੈਠੇ, ਬ੍ਰਹਮ ਅੱਸਮੀ ਕਹਿਨ ਕਹਾਨ ਵਾਲੇ ।
ਮੁਖੋਂ ਕੈਹਨ ਅਲੱਖ ਨੂੰ ਲੱਖ ਬੈਠੇ, ਵਿਚੋਂ ਭੇਤ ਨਾ ਰੱਬ ਦਾ ਪਾਨ ਵਾਲੇ ।
ਕਹਿਨ ਜਿੱਤ ਗਏ ਬਾਜੀਆਂ ਹਾਰ ਬੈਠੇ, ਬਣੇ ਸੂਰਮੇ ਕੈਰ ਜਹਾਨ ਵਾਲੇ ।
ਉਦਾਸੀਨ ਜਹਾਨ ਤੋਂ ਜਾਪਦੇ ਨੇ, ਘਰ ਬਾਰ ਤੇ ਵਤਨ ਮਕਾਨ ਵਾਲੇ।
ਕਾਰੂੰ ਦੇਸ ਦੇ ਮੁਲਕ ਦੇ ਆਦਮੀ ਹੈਂ, ਝੂਠ ਮਾਰਦੇ ਕਹਿਨ ਜਪਾਨ ਵਾਲੇ ।
ਵਿਚੋਂ ਹੀਨੜੀ ਜਾਤ ਜੁਲਾਹਿਆਂ ਦੀ, ਪੇਸ਼ ਪਹਿਨਦੇ ਮੁਗਲ ਪਠਾਨ ਵਾਲੇ ।
ਚਿੱਤ ਚਾਹੁੰਦਾ ਇਨ੍ਹਾਂ ਦੇ ਹੋ ਰਹੀਏ, ਜੇਕਰ ਸੁਨੀਏਂ ਸੁਖਨ ਜ਼ਬਾਨ ਵਾਲੇ।
ਨਹੀਂ ਪਾਸ ਹਥਿਆਰ ਸਮਾਨ ਕੋਈ, ਰੱਖ ਹੌਂਸਲੇ ਜੁੱਧ ਮੈਦਾਨ ਵਾਲੇ ।
ਵਿਚੋਂ ਗੰਦਗੀ ਜਹੀ ਬਦਬੂ ਆਵੇ, ਬਨ ਬੈਠਦੇ ਅਤਰ ਦੁਕਾਨ ਵਾਲੇ ।
ਤੱਤਕਾਲ ਹੀ ਚਾਲ ਪਹਿਚਾਨ ਜਾਂਦੇ, ਜੇਹੜੇ ਪਾਰਖੂ ਪਰਖ ਪਛਾਨ ਵਾਲੇ ।
ਲੱਖਾਂ ਗੁਰੂ ਬਨ ਬੈਠਦੇ ਚੇਲਿਆਂ ਦੇ, ਨਹੀਂ ਰੱਬ ਦੀ ਸ਼ਕਲ ਦਿਖਾਨ ਵਾਲੇ ।
ਨਹੀਓਂ ਗੋਝ ਗਿਆਨ ਦਾ ਬੋਧ ਹੋਇਆ, ਮਿਲੇ ਵਿੱਦਯਾ ਬਹੁਤ ਪੜ੍ਹਾਨ ਵਾਲੇ ।
ਲੱਖਾਂ ਮਿਲੇ ਮਾਸ਼ੂਕ ਨੇ ਖੁਲਕ ਵਾਲੇ, ਨਹੀਂ ਲੱਗੀਆਂ ਦਿਲੋਂ ਬੁਝਾਨ ਵਾਲੇ।
ਯਾਰ ਸੱਚ ਦੇ ਸੁਖਨ ਸੁਨਾਨ ਵਾਲੇ, ਹਮ ਨਹੀਂ ਨਿੰਦਿਆ ਕਰਨ ਕਰਾਨ ਵਾਲੇ ।
ਪੂਰਨ ਪੁਰਖ ਹਮ ਸੱਚਿਆਂ ਸਾਧੂਆਂ ਤੋਂ, ਲਖ ਲਖ ਵਾਰ ਸਦੱਕੜੇ ਜਾਨ ਵਾਲੇ ।
ਧੰਨ ਧੰਨ ਸਾਧੂ ਧੰਨ ਧੰਨ ਸਾਧੂ, ਸਾਡੇ ਵਿੱਛੜੇ ਯਾਰ ਮਿਲਾਨ ਵਾਲੇ ।
ਦੂਰੋਂ ਦੇਖ ਹਮ ਭੇਖ ਭਗਵਾਨ ਜੀ ਦਾ, ਹੱਬ ਬੰਨ੍ਹਕੇ ਸੀਸ ਨਿਵਾਨ ਵਾਲੇ ।
ਦਯਾ ਸਿੰਘ ਤੂੰ ਸਬਕ ਪਕਾਇ ਛੱਡੀਂ, ਵੇਲੇ ਆਵਸਨਗੇ ਇਮਤਿਹਾਨ ਵਾਲੇ ।