ਨੀਂਦਰ ਦੇ ਹੱਥ ਲਿਖ ਛੱਡੀ ਕਿਸ ਮਿਲਣ ਦੀ ਲੇਖ ਲਕੀਰ।
ਸੁਫ਼ਨੇ ਅੰਦਰ ਵੇਖ ਕੇ ਮਾਹੀਆ ਪੁੱਛਦੀ ਫਿਰਾਂ ਤਾਬੀਰ।
ਜੂੰ ਜੂੰ ਲਿਸ਼ਕਾਂ ਮਾਰੀ ਜਾਵੇ ਸਿਲ੍ਹੀ ਅੱਖ ਦਾ ਕੱਜਲ,
ਦਿਲ ਦੇ ਵਰਕੇ ਬਣਦੀ ਜਾਵੇ ਇਕ ਸੋਹਣੀ ਤਸਵੀਰ।
ਉਹਨੇ ਅੱਖਾਂ ਨਾਲ਼ ਕੀ ਛੋਹੀ ਮਨ ਤੂੰਬੇ ਦੀ ਤਾਰ,
ਲੂੰ ਲੂੰ ਦੇ ਮੁੱਢ ਸੱਤ ਸੁਰਾਂ ਦੀ ਉੱਘੜ ਪਈ ਤਾਸੀਰ।
ਮੈਂ ਕੁਝ ਯਾਦਾਂ ਚੇਤੇ ਦੇ ਛਿੱਕੂ ਵਿਚ ਸਾਂਭੀ ਬੈਠੀ ਆਂ,
ਮੁੱਖ ਪਰਤਾਵਣ ਵਾਲਿਆ ਦੱਸ ਖਾਂ ਕੀ ਮੇਰੀ ਤਕਸੀਰ?
ਮੁਰਸ਼ਦ ਕਾਮਿਲ ਮਿਲ ਜਾਵੇ ਜੋ ਮਨ ਦਾ ਖੋਟ ਗਵਾਵੇ,
ਨਾਲੇ ਕੱਢੇ ਸੀਨੇ ਵਿਚੋਂ ਲੋਭਾਂ ਵਾਲਾ ਤੀਰ।
ਜੇ ਉਹ ਮੇਰੀ ਪੀੜ ਦਾ ਜਾਣੂ, ਪੈਰ ਧਰੇ ਫ਼ਿਰ ਵਿਹੜੇ,
ਰੀਝਾਂ ਨੱਚਣ ਚੁੱਕ ਚੁੱਕ ਅੱਡੀਆਂ ਜਾਗ ਪਵੇ ਤਕਦੀਰ।
ਇਸ਼ਕ ਸਲਾਮਤ ਹਿੱਕ ਦੇਂਹ ਅੜੀਏ ਮੈਨੂੰ ਸੱਚ ਕਰੇ,
ਭਾਵੇਂ ਰਸਮਾਂ ਵਾਲਾ ਆਰਾ ਜੁੱਸਾ ਦੇਵੇ ਚੀਰ।
ਧੁਰ ਦਰਗਾਹੋਂ ਮੰਗੀ ਹੋਈ ਜਿੰਦ ਸਾਂਵਲ ਦੇ ਨਾਲ਼,
ਅਜ਼ਲੋਂ ਉਹਦੇ ਨਾਵੇਂ ਲੱਗਿਆ ਸੱਧਰਾਂ ਦਾ ਕਸ਼ਮੀਰ।
ਉਹਦੇ ਪਿਆਰ ਦੇ ਫੁੱਲ ਪਈ ਕਢਾਂ ਕਲਮ ਕਰੋਸ਼ੀਏ ਨਾਲ਼,
ਮੇਰੀਆਂ ਰੁੱਤਾਂ ਦੀ ਜਿਸ ਕੀਤੀ ਚੁੰਨੀ ਲੀਰੋ ਲੀਰ।
ਸ਼ਹਿਰ ਭੰਭੋਰ ਦੀ ਸੱਸੀ ਮੈਨੂੰ ਕਹਿਣ ਚਨ੍ਹਾਂ ਦੀ ਸੋਹਣੀ,
ਮੈਂ ਹੀ ਪ੍ਰੇਮ ਦੀ ਸਾਹਿਬਾਂ ਅੜਿਆ! ਮੈਂ ਵੇਲੇ ਦੀ ਹੀਰ।
ਗਲੀ ਗਲੀ ਵਿਚ ਚਰਚੇ ਹੋਵਣ ਲਿਖਾਂ ਮੈਂ ਸ਼ਅਰ ਅਜਿਹਾ,
ਜੋ ਵੇਲੇ ਦੀ ਅੱਖ ਚ ਰੜਕੇ ਸੱਦਫ਼ ਕਰਾਂ ਤਹਿਰੀਰ।