ਮੇਰੇ ਬਹੁਤ ਪਿਆਰੇ
ਨੈਲਸਨ ਮੰਡੇਲਾ !
ਮੇਰੀ ਸਲਾਮ ਕਬੂਲ ਕਰਨਾ
-ਪਿਆਰੇ ਨੈਲਸਨ ਤੇਰੇ ਮੇਰੇ ਵਿਚਲਾ
ਕੋਹਾਂ ਮੀਲਾਂ ਦਾ ਫ਼ਾਸਲਾ
ਤਾਂ ਉਸ ਦਿਨ ਹੀ
ਖ਼ਤਮ ਹੋ ਗਿਆ ਸੀ
ਜਿਸ ਦਿਨ
ਪਹਿਲੀ ਵੇਰ, ਤੇਰੇ ਹੱਥ
ਹਵਾ ਵਿਚ ਲਹਿਰਾਏ ਸਨ
ਆਪਣੇ ਹੱਕਾਂ ਵਾਸਤੇ
ਉਸ ਭੇੜੀਏ ਦੀਆਂ ਵਰਾਛਾਂ
ਵਿਚੋਂ ਰਾਲਾਂ ਤੇ ਝੱਗ ਵਗ ਤੁਰੀ ਸੀ
ਤੇਰੇ ਖੌਲਦੇ ਹੋਏ ਖੂਨ ਨਾਲ
ਹਰ ਮਨੁੱਖ ਅੰਦਰ
ਝੁਣਝਣੀ ਜਿਹੀ ਛਿੜੀ ਸੀ
ਤੇਰੇ ਬੋਲਾਂ 'ਚ ਘੁਲੀ ਹੋਈ
ਇਨਕਬਾਲੀ ਖੁਸ਼ਬੋ
ਮੇਰੇ ਤੀਕ
ਅੱਖ਼ ਦੇ ਫੋਰ ਨਾਲ
ਸਤ ਸਮੁੰਦਰੋਂ ਪਾਰ
ਆ ਪੁੱਜੀ ਸੀ ।
ਸੀਖਾਂ ਪਿੱਛੇ
ਬੁੱਕਦੇ ਸ਼ੇਰਾ
ਮੈਂ ਉਸ ਰਾਤ ਵੀ
ਤੇਰੇ ਨਾਲ ਸਾਂ
ਜਦੋਂ ਤੈਨੂੰ
ਹਨੇਰ ਕੋਠਰੀ ਵਿੱਚ ਜਾ ਡੱਕਿਆ ਸੀ
ਤੇਰੀ ਗਰਜ਼
ਇਥੇ ਰੋਜ਼ ਸੁਣੀਂਦੀ ਹੈ
ਸੋਟੀ ਵਾਲੇ ਬਾਬੇ ਤੋਂ ਤਾਂ
ਤੂੰ ਭਲੀਭਾਂਤ ਵਾਕਿਫ਼ ਹੈਂ ਨਾ
ਮੈਂ ਉਸੇ ਵਤਨ ਦਾ ਸ਼ਹਿਰੀ ਹਾਂ
ਤੇਰਾ ਹਮਖ਼ਿਆਲ
ਤੇਰਾ ਦੋਸਤ
ਅਸੀਂ ਤੇ
ਇਕ ਦੂਜੇ ਲਈ
ਰਤੀ ਵੀ ਓਪਰੇ ਨਹੀਂ
ਰੰਗਾਂ ਦੀ ਏਸ ਖੇਡ ਵਿੱਚ
ਅਸੀਂ ਦੋਵੇਂ
ਇਕੋ ਰੰਗ ਦੇ ਪੱਤੇ ਹਾਂ
ਜਿਹੜੀ ਜੰਗ ਤੂੰ ਲੜ ਰਿਹਾ ਏਂ
-ਇਸ ਵਿੱਚ ਤੂੰ ਕੱਲਾ ਨਹੀਂ
ਮੁੱਢ ਕਦੀਮਾਂ ਤੋਂ
ਲੜੀ ਜਾ ਰਹੀ
ਏਸ ਜੰਗ ਵਿੱਚ
ਅਸੀਂ ਸਾਰੇ
ਤੇਰੇ ਨਾਲ ਮਰਾਂਗੇ
ਤੇਰੇ ਨਾਲ ਜੀਵਾਂਗੇ
ਸਿਦਕ ਤੇ ਸਿਰੜ ਦੀ ਇੰਤਹਾ
ਪਿਆਰੇ ਨੈਲਸਨ
ਸੀਖਾਂ ਪਿੱਛੇ
ਤੂੰ ਉਦਾਸ ਨਾ ਹੋ ਜਾਵੀਂ
ਸਮੇਂ ਦੀ ਘਿਣੌਨੀ ਚਾਲ
ਕਦੋਂ ਤੀਕ ਚਲੇਗੀ
ਪਾਣੀਆਂ ਨੂੰ ਆਖ਼ਿਰ
ਪੁਲਾਂ ਹੇਠਾਂ ਹੀ ਲੰਘਣਾ ਹੈ
ਅੱਜ, ਦਿਲ ਤੇ ਬੜਾ ਕਰਦਾ ਹੈ
ਤੇਰੀ ਸਾਲ ਗਿਰ੍ਹਾ 'ਤੇ
ਜਿਹੜੀ ਤੂੰ ਐਂਤਕੀ ਫਿਰ
ਕੱਲਿਆਂ ਹੀ ਮਨਾਏਂਗਾ
ਦੇ ਮੌਕੇ 'ਤੇ
ਹਾਜ਼ਿਰ ਹੋ ਸਕਾਂ
ਤੇ ਤੈਨੂੰ
ਆਪਣੀ ਗਲਵੱਕੜੀ ਵਿੱਚ ਲੈ ਕੇ
ਤੇਰੇ ਹੱਥਾਂ ਨੂੰ ਚੁੰਮਾਂ
ਜਿਹੜੇ ਕਦੇ
ਹਵਾ ਵਿਚ ਲਹਿਰਾਏ ਸਨ
ਤੇ ਜੰਗਲ ਦੇ ਭੇੜੀਏ
ਗਿੜਗੜਾਏ ਸਨ
ਆਖ਼ਰੀ ਸਾਹਾਂ ਤੀਕ ਲੜਨ ਵਾਲੇ ਯੋਧੇ
ਮੇਰੀ ਸਲਾਮ ਕਬੂਲ ਕਰਨਾ
ਤੂੰ ਜੁਗਾਂ ਤੀਕ ਲੜਨਾ
ਜਦੋਂ ਤੀਕ
ਰੰਗਾਂ ਵਿੱਚ ਵਿੱਤਕਰਾ ਹੈ
ਤੇਰਾ ਖੂਨ
ਆਵਣ ਵਾਲੀਆਂ ਪੁਸ਼ਤਾਂ
ਦੀਆਂ ਰਗਾਂ ਵਿੱਚ
ਸਰਪਟ ਦੌੜੇਗਾ
ਸਮੇਂ ਦੇ ਭੇੜੀਏ
ਤੇਰੇ ਨਾਂ ਤੋਂ ਖੌਫ਼ ਖਾਣਗੇ
ਤੇਰੀ ਤੱਸਵੀਰ
ਸਾਡੇ ਡਰਾਇੰਗ ਰੂਮਾਂ
ਦਾ ਸ਼ਿੰਗਾਰ ਬਣਨ ਤੋਂ ਲੈ ਕੇ
ਪੁਸ਼ਤਾਂ ਦੀਆਂ ਰਗਾਂ ਵਿੱਚ
ਲੋਕ ਗੀਤ ਵਾਂਗ ਘੁਲ ਜਾਵੇਗੀ
ਪਿਆਰੇ ਨੈਲਸਨ ਮੰਡੇਲਾ
ਹੁਣ ਤੇਰੇ ਟੱਬਰ ਦੇ ਜੀਆਂ
ਦੀ ਸੰਖਿਆ ਬਹੁਤ ਵਧ ਚੁੱਕੀ ਹੈ
ਤੂੰ
ਜਦੋਂ ਆਵੇਂਗਾ
ਅਸੀਂ ਤੈਨੂੰ ਅੱਖਾਂ ਤੇ ਬਿਠਾਵਾਂਗੇ
ਤੂੰ ਆਪਣੀ ਜੰਗ ਹੋਰ ਤੇਜ਼ ਕਰ
ਤਾਂ ਜੋ ਭੜਕ ਸਕੇ
ਤੇਰੇ ਜਜ਼ਬਿਆਂ ਦੀ ਜਵਾਲਾ
ਭੇੜੀਏ ਨਿਮੋਸ਼ੀ ਵਿੱਚ
ਆਪਣੀ ਪੂਛ ਤੇ ਟੁੱਕ ਹੀ ਰਹੇ ਹਨ
ਤੇਰੇ ਬੁਲੰਦ ਹੌਸਲੇ
ਤੇ ਸਿਰੜ ਨੂੰ
ਮੈਂ ਇਕ ਵਾਰੀ ਫੇਰ
ਸਲਾਮ ਆਖਨਾ ਵਾਂ
ਮੇਰੇ ਦੋਸਤ, ਨੈਲਸਨ ਮੰਡੇਲਾ ।