ਹਰ ਰੰਗ ਮਸਤ, ਹਰ ਰਾਗ ਮਸਤ।

ਜੀਵਨ ਦੇ ਅਨੁਪਮ ਸਾਜ਼ ਮਸਤ।

ਅੱਜ ਵਿਸ਼ਵ-ਢਾਹ-ਤਲਵਾਰ ਮਸਤ।

ਮੱਦਮਸਤ-ਖ਼ੂਨ-ਜ਼ਰਦਾਰ ਮਸਤ।

ਆਕਾਸ਼-ਚੀਰ-ਲਿਸ਼ਕਾਰ ਮਸਤ।

ਜੋਬਨ ਵਿਚ ਜਿਵੇਂ ਖ਼ੁਮਾਰ ਮਸਤ।

ਅੱਜ ਹਿਕੜੀ ਉਤੇ ਉਭਾਰ ਮਸਤ,

ਜਿਉਂ ਸੂਹੇ-ਰਸ-ਅਨਾਰ ਮਸਤ।

ਹਰ ਗੁੱਲ ਮਸਤ, ਗੁਲਜ਼ਾਰ ਮਸਤ।

ਹੈ ਕਲੀਆਂ-ਖਿੜੀ ਬਹਾਰ ਮਸਤ।

ਸਦ ਰੰਗ ਅਦਾਵਾਂ ਨਖ਼ਰੇ ਨੇ,

ਹੁਸਨਾਂ ਦੇ ਤਾਬੇਦਾਰ ਮਸਤ।

ਔਹ ਵੇਖੋ ! ਜ਼ਰਦ-ਨੀਲੱਤਣ ਵਿਚ,

ਬਾਹਾਂ ਦਾ ਗਲ ਵਿਚ ਹਾਰ ਮਸਤ।

ਹਨ ਮਿਲਦੇ ਧਰਤ-ਅਕਾਸ਼ ਜਿਵੇਂ,

ਹੁਸਨ-ਇਸ਼ਕ ਦਾ ਮੇਲ ਇਵੇਂ;

ਹੈ ਗਗਨ ਧਰਤ ਨੂੰ ਇਉਂ ਛੋਂਹਦਾ,

ਜਿਉਂ ਬੁਲ੍ਹੀਆਂ ਤੇ ਚੁੰਮਕਾਰ ਮਸਤ।

ਕੇਹੜਾ ਆਸ਼ਿਕ ? ਮਾਸ਼ੂਕ ਕਿਹੜਾ?

ਨਹੀਂ ਲੋੜ ਧਰਤ ਤੇ ਜਾਨਣ ਦੀ,

ਜੋ ਰਾਜ਼ ਏਸ ਨੂੰ ਜਾਣ ਰਹੀ

ਉਹ ਸਰਬ-ਜੋਤ-ਸਰਕਾਰ ਮਸਤ।

ਕੋਈ ਕਹਿੰਦੈ ਰੱਬ ਦੀ ਨਾਰ ਮਸਤ।

ਕੋਈ ਕਹਿੰਦੈ ਹਨ ਜੁਗ-ਚਾਰ ਮਸਤ।

ਕੋਂਈ ਕਹਿੰਦੈ ਲੱਖ-ਹਜ਼ਾਰ ਮਸਤ।

ਮੇਰੇ ਦਿਲ ਦੀ ਇਕ-ਇਕ ਤਾਰ ਮਸਤ।

ਮੈਂ ਕੀ ਦੱਸਾਂ ਕੋਈ ਨਾਰ ਮਸਤ?

ਹੈ ਇਕ ਮਸਤ ਜਾਂ ਚਾਰ ਮਸਤ?

ਮੇਰਾ ਮਹਿਕੇ ਸਰਬ-ਪਿਆਰ ਮਸਤ।

ਹਰ ਰਬ ਦਾ ਹਰ ਸੰਸਾਰ ਮਸਤ।

ਸਭ ਵਿਸ਼ਵ-ਜ਼ੰਜੀਰਾਂ ਤਿੜਕ ਰਹੀਆਂ।

ਸਭ ਕਾਣੀਆਂ-ਵੰਡਾਂ ਤਿੜਕ ਰਹੀਆਂ।

ਸਭ ਜ਼ਾਤਾਂ-ਨੱਸਲਾਂ ਤਿੜਕ ਰਹੀਆਂ।

ਦੇਸ਼ਾਂ ਦੀਆਂ ਸੀਮਾਂ ਥਿੜਕ ਰਹੀਆਂ।

ਇਸ ਵਾਸਤੇ ਨਵ-ਸੰਸਾਰ ਅੰਦਰ,

ਨਵ-ਜੋਬਨ ਦੇ ਸਰਦਾਰ ਮਸਤ।

ਕੋਈ ਮੌਤ ਦੇ ਸੋਹਿਲੇ ਗਾਂਦਾ ਨਹੀਂ,

ਕੋਈ 'ਖ਼ੂਨ ਦੇ ਸੋਹਿਲੇ' ਗਾਂਦਾ ਨਹੀਂ,

ਜੰਗਾਂ ਦੇ ਨਗ਼ਮੇਂ ਦੂਰ ਹੋਏ,

ਯੁਧਾਂ ਦੇ ਗੀਤ ਕਾਫ਼ੂਰ ਹੋਏ,

ਅੱਜ ਪਿਆਰ-ਮਹਿਕ ਦੇ ਵਿਚ ਮਹਿਕੀ,

ਵਾਹ ! ਫੁੱਲਾਂ ਦੀ ਮਹਿਕਾਰ ਮਸਤ।

ਹਰ ਗੀਤ ਮਸਤ, ਗੁੰਜਾਰ ਮਸਤ,

ਹਰ ਜੀਵਨ ਦਾ ਤੱਕਰਾਰ ਮਸਤ।

ਇਸਰਾਰ ਮਸਤ, ਇਕਰਾਰ ਮਸਤ,

ਹਾਂ, ਭਾਗਾਂ ਭਰੀ ਬਹਾਰ ਮਸਤ।

'ਸੋਹਣੀ' ਨਾ ਝਨਾਂ ਨੂੰ ਤੱਰ ਥਕੀ,

ਨਾ 'ਭਗਤ ਸਿੰਘ' ਜੇਹੇ ਹੁੱਟੇ,

ਪਰ ਅੱਜ ਦੀ ਮਹਫ਼ਿਲ ਵਿਚ ਵੇਖੋ,

ਸਤਲੁਜ ਤੇ ਨਾਲ ਚਨਾਬ ਮਸਤ।

ਹੁਣ ਨਵੇਂ-ਸਵੇਰੇ ਟਹਿਕ ਪਏ,

ਨਵ-ਆਸ਼ਾ, ਤਾਜ਼ਾ-ਉਮੰਗਾਂ ਦੇ,

ਨਵ-ਜਿੰਦ-ਕਿਰਨ ਦੀ ਧੜਕਣ 'ਚੋਂ,

ਧੱੜਕੇ ਪਿਆ ਨਵਾਂ-ਸ਼ਬਾਬ ਮਸਤ।

ਓਹ ਵੇਖੋ! ਪਹੁ-ਫੁਟਾਲੇ 'ਚੋਂ,

ਕੋਈ ਚਾਨਣਾਂ ਤਾਜ਼ਾ ਉੱਗਮ ਪਿਆ,

ਸਦੀਆਂ ਤੋਂ ਰੁਲਦੇ ਜੀਵਨ ਦੀ,

'ਹਸਰਤ' ਦਾ ਦਾਹਵੇਦਾਰ ਮਸਤ।

ਸਭ ਨਵੇਂ ਤਰੰਗਾਂ ਵਿਚ ਗਾਵਣ-

ਹਰ ਰੰਗ ਮਸਤ ਹਰ ਰਾਗ ਮਸਤ।

ਜੀਵਨ ਦੀ ਹਰ ਇਕ ਕਾਰ ਮਸਤ।

ਅਜ ਵਿਸ਼ਵ-ਤਾਰ-ਤਲਵਾਰ ਮਸਤ।

📝 ਸੋਧ ਲਈ ਭੇਜੋ