ਉਹ ਅਕਸਰ ਛੇੜ ਲੈਂਦਾ

ਉਹ ਅਕਸਰ ਛੇੜ ਲੈਂਦਾ ਸਾਬਕਾ ਮਾਸ਼ੂਕ ਦੀ ਚਰਚਾ

ਬੜੀ ਸੀ ਮਾਰ ਕਰਦੀ ਜੋ ਉਸੇ ਬੰਦੂਕ ਦੀ ਚਰਚਾ

ਉਨ੍ਹੇ ਤਾਂ ਇਕ ਨਦੀ ਵੱਲ ਵੇਖ ਬਸ ਹਉਕਾ ਹੀ ਭਰਿਆ ਸੀ

ਗਈ ਪਰ ਫੈਲ ਅੱਗ ਦੇ ਵਾਂਗ ਦਰਸ਼ਕ ਮੂਕ ਦੀ ਚਰਚਾ

ਜਦੋਂ ਵੀ ਯਾਦ ਆਈ ਬੇਵਫ਼ਾ ਦੀ ਤਾਂ ਸਦਾ ਹੋਈ

ਖ਼ਤਾਂ ਦੇ ਨਾਲ ਉੱਤੋਂ ਤੱਕ ਭਰੇ ਸੰਦੂਕ ਦੀ ਚਰਚਾ

ਅਸਾਡੇ ਇਸ਼ਕ ਦੇ ਰੁੱਖ ਤੋਂ ਕਦੋਂ ਦੀ ਉੱਡ ਗਈ ਕੋਇਲ

ਅਜੇ ਤੱਕ ਹੋ ਰਹੀ ਹੈ ਪਰ ਸੁਰੀਲੀ ਕੂਕ ਦੀ ਚਰਚਾ

ਚਲੋ ਪਹਿਲਾਂ ਪਤਾ ਕਰੀਏ ਕਿ ਸਾਹਿਬਾਂ ਤੀਰ ਕਿਉਂ ਟੰਗੇ

ਕਰਾਂਗੇ ਬਾਅਦ ਵਿਚ ਮਿਰਜ਼ੇ ਦੀ ਨੀਂਦਰ ਘੂਕ ਦੀ ਚਰਚਾ

📝 ਸੋਧ ਲਈ ਭੇਜੋ