ਉਹ ਕੋਲ ਆਵੇ ਤਾਂ ਵਿਚਾਲੇ ਫ਼ਾਸਲਾ ਬਣਿਆ ਰਹੇ
ਜੇ ਦੂਰ ਜਾਵੇ ਤਾਂ ਮਿਲਣ ਦਾ ਫ਼ੈਸਲਾ ਬਣਿਆ ਰਹੇ
ਹੋਇਆ ਦਿਮਾਗ਼ੀ ਕਸਰਤਾਂ ਵਿਚ ਇਸ ਕਦਰ ਮਸਰੂਫ਼ ਉਹ
ਨਾ ਸੋਚਦਾ ਬਿਲਕੁਲ ਕਿ ਦਿਲ ਦਾ ਮਾਮਲਾ ਬਣਿਆ ਰਹੇ
ਉਸਦੀ ਵਫ਼ਾਦਾਰੀ ’ਚ ਹੈ ਵਿਸ਼ਵਾਸ ਤਾਂ ਪੂਰਾ ਮਗਰ
ਮਿਰਜ਼ੇ ਦੇ ਬਾਰੇ ਸੋਚ ਮਨ ਵਿਚ ਤੌਖ਼ਲਾ ਬਣਿਆ ਰਹੇ
ਸਾਰੇ ਤਸ਼ੱਦਦ ਯਾਰ ਦੇ ਮੈਂ ਸਹਿ ਗਿਆ ਇਹ ਸੋਚ ਕੇ
ਅਗਲੀ ਨਸਲ ਦਾ ਪਿਆਰ ਦੇ ਵਿਚ ਹੌਸਲਾ ਬਣਿਆ ਰਹੇ
ਉਹ ਬਸ ਮੁਹੱਬਤ ਹੀ ਨਹੀਂ, ਨਫ਼ਰਤ ਵੀ ਉਹ ਕਰਦਾ ਨਹੀਂ
ਕੁਝ ਤਾਂ ਕਰੇ ਕਿ ਸਾਂਝ ਦਾ ਇਕ ਸਿਲਸਿਲਾ ਬਣਿਆ ਰਹੇ
ਜਿੱਥੇ ਪਤਾ ਲੱਗਦਾ ਨਹੀਂ ਉਹ ਹੈ ਗ਼ਲਤ ਜਾਂ ਠੀਕ ਮੈਂ
ਮੇਰੇ ਖ਼ੁਦਾ ਬਸ ਇਸ ਤਰ੍ਹਾਂ ਦਾ ਮਰਹਲਾ ਬਣਿਆ ਰਹੇ
ਫਿਰ ਜ਼ਿੰਦਗੀ ਨੂੰ ਜੀਣ ਦਾ ਆਵੇ ‘ਅਮਰ’ ਡਾਢਾ ਮਜ਼ਾ
ਜੇ ਦਿਲ ਦੇ ਅੰਦਰ ਮਰਨ ਦਾ ਵੀ ਵਲਵਲਾ ਬਣਿਆ ਰਹੇ