ਉਹ ਮਾਰਦੇ ਨੇ ਝੂਠ

ਉਹ ਮਾਰਦੇ ਨੇ ਝੂਠ ਕਿ ਉਹ ਮਛਲੀਆਂ ਦੇ ਨਾਲ ਨੇ। 

ਉਹ ਤਾਂ ਧਰੀ ਫਿਰਦੇ ਹਮੇਸ਼ਾ  ਮੋਢਿਆਂ ‘ਤੇ ਜਾਲ ਨੇ। 

ਪੰਛੀ ਵੀ ਉਸਦੇ ਸ਼ਹਿਰ ਦੇ ਉਸ ਤੋਂ ਮੁਤਾਸਿਰ ਨੇ ਬੜੇ,

ਹੁਣ ਪਿੰਜਰੇ ਸੋਨੇ ਦੇ ਕਿਧਰੇ ਉਹ ਵੀ ਲੈਂਦੇ ਭਾਲ ਨੇ।

ਸੁਣਿਐ ਕਿਸੇ ਦੇ ਨਾਲ ਫਿਰ ਉਹ  ਬੇਵਫ਼ਾਈ ਕਰ ਗਏ,

ਅਫ਼ਸੋਸ ਹੈ ਉਹ ਕਿਸ ਤਰ੍ਹਾਂ ਦਾ  ਸ਼ੌਕ ਬੈਠੇ ਪਾਲ ਨੇ।

ਬੱਸ ਕੁਝ ਕੁ ਠਹਿਰੇ ਪਲ ਜੋ ਤੇਰੇ ਨਾਲ ਮਾਣੇ ਸੀ ਕਦੇ,

ਉਹ ਪਲ ਹੀ ਮੇਰੇ ਵਾਸਤੇ ਸਭ ਦਿਨ ਮਹੀਨੇ  ਸਾਲ  ਨੇ।

ਮੁੜ-ਘੁੜ ਕੇ ਕੰਧਾਂ ਨਾਲ ਦੁੱਖ ਸੁਖ ਨਾ ਕਰਾਂ ਤਾਂ ਕੀ ਕਰਾਂ,

ਕਿਸ ਕੰਮ ਨੇ ਘਰ ਮਰਮਰੀ, ਰੀਝਾਂ ਜੇ ਖ਼ਸਤਾ ਹਾਲ ਨੇ।

ਕੁਝ  ਬੇਰੁਖ਼ੀ  ਉਸਦੀ  ‘ਅਮਰ’   ਨੂੰ ਜੀਣ ਤੋਂ ਹੈ ਰੋਕਦੀ,

ਕੁਝ ਲੋਕ ਉਸਦੇ ਸ਼ਹਿਰ ਦੇ ਜੀ ਦਾ ਬਣੇ ਜੰਜਾਲ਼  ਨੇ।

📝 ਸੋਧ ਲਈ ਭੇਜੋ