ਉਹਦੀ ਖ਼ੁਸ਼ਬੂ ਜਦ ਵੀ ਆਵੇ

ਉਹਦੀ ਖ਼ੁਸ਼ਬੂ ਜਦ ਵੀ ਆਵੇ ਦਿਲ ਦੇ ਸੁੰਝੇ ਵਿਹੜੇ।

ਰੱਜ ਰੱਜ ਇਸ਼ਕ ਧਮਾਲਾਂ ਪਾਵੇ ਦਿਲ ਦੇ ਸੁੰਝੇ ਵਿਹੜੇ।

ਕਾਲੇ ਕਾਗ ਨੂੰ ਚੂਰੀ ਪਾਵਾਂ, ਕੀ ਕੀ ਸ਼ਗਨ ਮਨਾਵਾਂ,

ਜੇਕਰ ਉਹ ਤਸ਼ਰੀਫ਼ ਲਿਆਵੇ ਦਿਲ ਦੇ ਸੁੰਝੇ ਵਿਹੜੇ।

ਯਾਦਾਂ ਦੀ ਜਦ ਝੁੱਲੇ ਨੇ੍ਰੀ ਕੁਝ ਦਿੱਸੇ ਨਾ ਸੁੱਝੇ,

ਵੇਲ਼ਾ ਐਵੇਂ ਧੂੜ ਉਡਾਵੇ ਦਿਲ ਦੇ ਸੁੰਝੇ ਵਿਹੜੇ।

ਕੋਈ ਸੱਧਰ ਤੇਰੇ ਬਾਝੋਂ ਬਣੀ ਨਾ ਆਣ ਸਹੇਲੀ,

ਗਾਉਣ ਤ੍ਰਿੰਞਣ ਦੇ ਜੋ ਗਾਵੇ ਦਿਲ ਦੇ ਸੁੰਝੇ ਵਿਹੜੇ।

ਕੋਈ ਸੁਗ਼ਰਾ ਮੇਰੇ ਵੱਲ ਵੀ ਲੈ ਆਵੇ ਪ੍ਰਭਾਤਾਂ,

ਕੋਈ ਰਾਂਝਣ ਮੋੜ ਲਿਆਵੇ ਦਿਲ ਦੇ ਸੁੰਜੇ ਵਿਹੜੇ।

📝 ਸੋਧ ਲਈ ਭੇਜੋ