ਇਸ ਧਰਤੀ ਤੇ ਕਿਹੜੀ ਥਾਵੇਂ
ਪੈਰ ਧਰਾਂ ਮੈਂ
ਸਾਰੀ ਧਰਤੀ ਤਪਦਾ ਥਲ ਹੈ
ਰੁੱਖਾਂ ਦੀ ਛਾਂ ਰੁੰਡ-ਮਰੁੰਡੀ
ਦਾਵਾ ਅਗਨ ਨੇ ਬਹੁ ਤ੍ਰਿਣ ਜਾਲੇ
ਕੋਈ ਨਾ ਹਰਿਆ ਬੂਟ ਰਹਿਓ ਰੀ
ਕਈ ਵਰ੍ਹਿਆਂ ਦੀ ਘੋਰ ਉਦਾਸੀ
ਧਰਤੀ ਮਾਤਾ ਵੇਖ ਪਿਆਸੀ
ਅੰਬਰ ਨੇ ਨਾ ਛਿੱਟ ਬਰਸਾਈ
ਸੁੱਕੀਆਂ ਜੀਭਾਂ, ਜਾਨ ਸੁਕਾਈ
ਧਰਤੀ ਦੀ ਕੁਰਲਾਹਟ ਨਾ ਸੁਣਦੇ
ਰਾਜੇ - ਰਾਣੇ, ਅੰਨ੍ਹੇ - ਬੋਲੇ
ਰੋਟੀ ਥਾਂ ਬਾਰੂਦ ਖ਼ਰੀਦਣ
ਜਾਂ ਬੰਦੂਕਾਂ, ਬੰਬ ਤੇ ਗੋਲੇ
ਹਿੱਕ ਥਾਪੜ ਐਲਾਨ ਨੇ ਕਰਦੇ
ਹੁਣ ਨਾ ਸਾਡੇ ਕੋਈ ਬਰਾਬਰ
ਸਾਡੇ ਸਾਹਮਣੇ ਜੋ ਵੀ ਆਇਆ
ਸਾੜ ਦਿਆਂਗੇ, ਫੂਕ ਦਿਆਂਗੇ
ਰੋਟੀ ਰੋਜ਼ੀ ਘਰ ਦਾ ਮਸਲਾ
ਅੰਦਰ ਬਹਿ ਕੇ ਹੱਲ ਕਰਾਂਗੇ
ਦੇਸ਼ ਦੀ ਰਾਖੀ ਪਹਿਲ ਜ਼ਰੂਰੀ
ਮਗਰੋਂ ਅੰਨ ਦੀ ਗੱਲ ਕਰਾਂਗੇ
ਉੱਠ ਦਾ ਬੁੱਲ ਨਾ ਡਿੱਗਿਆ ਹਾਲੇ
ਅੱਧੀ ਸਦੀ ਗੁਜ਼ਾਰ ਲਈ ਹੈ
ਭੁੱਖੇ ਨੰਗੇ ਬਾਲ ਨਿਆਣੇ
ਬੰਬ - ਬੰਦੂਕਾਂ - ਗੋਲੀਆਂ ਵੱਲ ਨੂੰ
ਚੁੱਪ-ਚੁਪੀਤੇ ਘੂਰ ਰਹੇ ਨੇ