ਪਾਣੀ ਧਰਤੀ 'ਚੋਂ ਸਿੰਮਦਾ ਭਰਾਵਾਂ ਜਿਹਾ 

ਵਰ੍ਹੇ ਅੰਬਰਾਂ ਤੋਂ ਪਾਣੀ ਜੋ ਮਾਵਾਂ ਜਿਹਾ 

ਜਿਹੜਾ ਵੱਸਦਾ ਅੱਖੀਆਂ ਦੇ ਉੱਜੜੇ ਘਰੀਂ 

ਉਹ ਮੇਰੇ ਹੀ ਵਾਂਗੂ ਨਿਥਾਵਾਂ ਜਿਹਾ

ਜਿਹੜਾ ਪਾਣੀ ਹਵਾਵਾਂ ਦਾ ਆਦਰ ਕਰੇ 

ਉਹ ਔੜਾਂ 'ਚ ਬਣਕੇ ਘਟਾਵਾਂ ਵਰ੍ਹੇ 

ਉਹਨੂੰ ਧੀਆਂ ਤੇ ਤੀਆਂ ਉਡੀਕਣ ਸਦਾ 

ਉਹ ਤੇ ਬੋਹੜਾਂ ਤੇ ਪਿੱਪਲਾਂ ਦੀ ਛਾਵਾਂ ਜਿਹਾ

ਜਿਹੜਾ ਪਾਣੀ ਰਬਾਬੀ ਮਰਦਾਨਾ ਬਣੇ 

ਸੁੱਚੇ ਸ਼ਬਦਾਂ ਦੀ ਰੂਹ ਦਾ ਤਰਾਨਾ ਬਣੇ

ਹਨੂੰ ਨਾਨਕ ਦੇ ਨੈਣਾਂ ਦਾ ਚਾਨਣ ਮਿਲੇ 

ਜਾਪੇ ਜੰਨਤ ਦੀ ਰੂਹ ਦਾ ਸਿਰਨਾਵਾਂ ਜਿਹਾ

ਉਹ ਪਾਣੀ ਜੋ ਮਿੱਤਰਾਂ ਦੇ ਦਰ ਤੇ ਗਿਆ 

ਉਹ ਹਮੇਸ਼ਾ ਹੀ ਕੱਚਿਆਂ ਤੇ ਤੁਰ ਕੇ ਗਿਆ 

ਜਿਸਮ ਡੁੱਬਿਆ ਤੇ ਰੂਹਾਂ ਨੂੰ ਜ਼ਿੰਦਗੀ ਮਿਲੀ 

ਰੂਪ ਹੁਸਨਾਂ ਦਾ ਹੋਇਆ ਝਨਾਵਾਂ ਜਿਹਾ

ਪਾਣੀ ਲੋਕਾਂ ਦੇ ਦੁੱਖ ਦਾ ਹੁੰਗਾਰਾ ਬਣੇ 

ਉਹ ਮੁਰੀਦਾਂ ਦਾ ਮਿੱਤਰ ਪਿਆਰਾ ਬਣੇ 

ਉਹਦੇ ਕਦਮਾਂ ਲਈ ਧਰਤੀ ਹੈ ਸੌੜੀ ਜਿਹੀ 

ਅੰਬਰ ਹੱਥ ਦਾ ਲੱਗੇ ਪਰਛਾਵਾਂ ਜਿਹਾ

ਜਿਹੜਾ ਸਾਗਰ ਦੀ ਹਉਮੈਂ ਦੀ ਹਾਮੀ ਭਰੇ 

ਉਹਦੀ ਫਿਤਰਤ ਨੂੰ ਕੁਦਰਤ ਵੀ ਖਾਰਾ ਕਰੇ 

ਉਹਨੂੰ ਪੀ ਕੇ ਵੀ ਪੰਛੀ ਪਿਆਸਾ ਰਹੇ 

ਉਹ ਕੌੜੇ ਕੁਸੈਲੇ ਸੁਭਾਵਾਂ ਜਿਹਾ

ਵਾਂਗ ਸਰਸਾ ਦੇ ਉਹ ਬੇਮੁਹਾਰਾ ਬਣੇ 

ਯਾਦ ਕੌੜੀ ਨਾ ਕੋਈ ਵੀ ਕਿਨਾਰਾ ਬਣੇ 

ਜਿਹੜਾ ਹੋਰਾਂ ਨੂੰ ਡੋਬਣ ਦੇ ਸੁਪਨੇ ਲਵੇ 

ਉਹ ਤਾਂ ਮੜ੍ਹੀਆਂ ਦੇ ਛੱਪੜਾਂ-ਤਲਾਵਾਂ ਜਿਹਾ

ਮੇਰੇ ਮਿੱਤਰੋ ਮੈਂ ਚਾਹੁੰਦਾ ਹਾਂ ਪਾਣੀ ਬਣੋ 

ਰਾਵੀ ਸਤਲੁਜ ਝਨਾਂ ਦੀ ਰਵਾਨੀ ਬਣੋ 

ਇੰਝ ਨਾ ਉਛਲੋ ਕਿ ਖਿੱਲਰੋ ਤੇ ਚਿੱਕੜ ਬਣੋ 

ਲਓ ਸੁਪਨਾ ਨਾ ਅੱਕ ਦੀਆਂ ਛਾਵਾਂ ਜਿਹਾ

ਐਸੀ ਛੱਲ ਨਾ ਬਣੋ ਕੰਢਾ ਆਪਣਾ ਖੁਰੇ 

ਐਸਾ ਹੜ੍ਹ ਨਾ ਬਣੋ ਘਰ ਆਪਣਾ ਰੁੜ੍ਹੇ 

ਪੁਲ ਆਪਣਾ ਹੀ ਵੱਢ ਕੋਈ ਤੁਰਦਾ ਬਣੇ 

ਮਿਲੇ ਮੁੜਕੇ ਨਾ ਦੁੱਖ ਸਭਰਾਵਾਂ ਜਿਹਾ

ਸ਼ਾਲਾ ! ਧਰਤੀ ਦੇ ਵਾਂਗੂ ਸਲਾਮਤ ਰਹੋ 

ਕੁਲ ਆਲਮ ਦੇ ਸੁੱਖ ਦੀ ਅਮਾਨਤ ਰਹੋ 

ਇੰਝ ਜੀਵੋ ਕਿ ਸੂਰਜ ਵੀ ਸਿਜਦਾ ਕਰੇ 

ਚਾਅ-ਚਸ਼ਮੇ ਦਾ ਦਿਲ ਦਰਿਆਵਾਂ ਜਿਹਾ

ਪਾਣੀ ਧਰਤੀ 'ਚੋਂ ਸਿੰਮਦਾ ਭਰਾਵਾਂ ਜਿਹਾ 

ਵਰ੍ਹੇ ਅੰਬਰਾਂ ਤੋਂ ਪਾਣੀ ਜੋ ਮਾਵਾਂ ਜਿਹਾ 

ਜਿਹੜਾ ਵੱਸਦਾ ਅੱਖੀਆਂ ਦੇ ਉੱਜੜੇ ਘਰੀਂ 

ਉਹ ਮੇਰੇ ਹੀ ਵਾਂਗੂ ਨਿਥਾਵਾਂ ਜਿਹਾ

ਪਾਣੀ ਧਰਤੀ 'ਚੋਂ ਸਿੰਮਦਾ ਭਰਾਵਾਂ ਜਿਹਾ 

ਵਰ੍ਹੇ ਅੰਬਰਾਂ ਤੋਂ ਪਾਣੀ ਜੋ ਮਾਵਾਂ ਜਿਹਾ 

ਜਿਹੜਾ ਵੱਸਦਾ ਅੱਖੀਆਂ ਦੇ ਉੱਜੜੇ ਘਰੀਂ 

ਉਹ ਮੇਰੇ ਹੀ ਵਾਂਗੂ ਨਿਥਾਵਾਂ ਜਿਹਾ

📝 ਸੋਧ ਲਈ ਭੇਜੋ