ਪਾਣੀ ਦਾ ਪਿਆਰ

ਆਖੇ ਪਾਣੀ ਦਾ ਪਿਆਰ

ਕੋਈ ਵੇਖੇ ਆਰ ਪਾਰ

ਕਿਵੇਂ ਸੀਨਿਆਂ 'ਚ ਸਿਵਿਆਂ ਦੀ ਅੱਗ ਮੱਚਦੀ 

ਜਿੰਦ ਸੂਲੀਆਂ ਤੇ ਚੜ੍ਹ ਕੇ ਵੀ ਰਹੀ ਨੱਚਦੀ

ਮੋਏ ਮਿੱਤਰਾਂ ਦੀ ਮਿੱਟੀ 

ਜਾ ਕੇ ਅੰਬਰਾਂ ਤੇ ਪਿੱਟੀ

ਸਾਡੀ ਹੋਣੀ ਕੇਹੀ ਲਿਖੀ

ਇਹਨਾਂ ਅੱਖੀਆਂ 'ਚ ਸੋਹਣੀ ਤੇ ਝਨਾਂ ਵੱਸਦੀ

ਜਿੰਦ ਸੂਲੀਆਂ ਤੇ ਚੜ੍ਹ ਕੇ ਵੀ ਰਹੀ ਨੱਚਦੀ

ਆਸ ਪਾਟੀ ਹੋਈ ਚਿੱਠੀ

ਟੁੱਟੀ ਕਲਮ ਨੇ ਲਿਖੀ

ਸਹਿਮੇ ਸਾਹਾਂ ਜਦੋਂ ਡਿੱਠੀ

ਮਰੇ ਮਾਰੇ ਗਏ ਵਾਲਾ ਸਿਰਨਾਵਾਂ ਦੱਸਦੀ 

ਜਿੰਦ ਸੂਲੀਆਂ ਤੇ ਚੜ੍ਹ ਕੇ ਵੀ ਰਹੀ ਨੱਚਦੀ

ਅੱਧ ਸੜਿਆ ਹਾਂ ਰੁੱਖ 

ਸਿਰ ਜ਼ੁਲਮਾਂ ਦੀ ਧੁੱਪ

ਝੜੇ ਪੱਤਿਆਂ ਦਾ ਦੁੱਖ

ਛਾਂ ਰੋਹੀਆਂ ਵਿੱਚ ਕਿਹਨੂੰ ਸਾਰਾ ਹਾਲ ਦਸਦੀ 

ਜਿੰਦ ਸੂਲੀਆਂ ਤੇ ਚੜ੍ਹ ਕੇ ਵੀ ਰਹੀ ਨੱਚਦੀ

ਮਨ ਅੱਧ ਢੱਠਾ ਘਰ

ਛੱਤ ਡਿੱਗਣੇ ਦਾ ਡਰ 

ਬਾਹਰੋਂ ਬੰਦ ਹੋਇਆ ਦਰ

ਰੂਹ ਨਾਜ਼ਕ ਮਾਸ਼ੂਕ ਏਥੇ ਇੰਝ ਵੱਸਦੀ

ਜਿੰਦ ਸੂਲੀਆਂ ਤੇ ਚੜ੍ਹ ਕੇ ਵੀ ਰਹੀ ਨੱਚਦੀ

ਕਿਵੇਂ ਸੀਨਿਆਂ 'ਚ ਸਿਵਿਆਂ ਦੀ ਅੱਗ ਮੱਚਦੀ

📝 ਸੋਧ ਲਈ ਭੇਜੋ