ਪਾਣੀ ਸਦਾ ਵਗਦਾ ਰਹੇ

ਉਚਿਆਂ ਪਹਾੜਾਂ ਦਿਆਂ ਵੱਡੇ ਵੱਡੇ ਪੱਥਰਾਂ 'ਚੋਂ

ਨੀਵੀਂ ਨੀਵੀਂ ਨਦੀ ਪਈ ਵਹੇ

ਉਚਿਆਂ ਪਹਾੜਾਂ ਨੇ ਤਾਂ ਇਕੋ ਥਾਏਂ ਖੜੇ ਰਹਿਣੈ 

ਪਾਣੀ ਸਦਾ ਵਗਦਾ ਰਹੇ

ਰੇਤਿਆਂ ਦੇ ਚੇਤਿਆਂ 'ਚ ਰੁਕੇ ਨਹੀਉਂ ਰਹਿਣਾ ਸਦਾ

ਸਾਗਰਾਂ ਦੀ ਸਿੱਕ ਸਦਾ ਖਿਚਦੀ

ਅਗਨੀ ਆਕਾਸ਼ ਪਾਉਣਾ ਪਾਣੀਆਂ ਪਤਾਲ ਸੌਣਾ 

ਪੌਣਾਂ ਦੀ ਪਿਆਸ ਨਹੀਂਉ ਮਿਟਦੀ

ਟੁੱਟੇ ਹੋਏ ਤਾਰਿਆਂ ਤੇ ਨੈਣਾਂ ਦਿਆ ਮਾਰਿਆਂ ਦੇ 

ਕੇਹੜਾ ਕਦੀ ਕੋਲ ਕੋਈ ਬਹੇ

ਨੀਵੀਂ ਨੀਵੀਂ ਨਦੀ ਪਈ ਵਹੇ

ਦੂਰ ਦੂਰ ਅੰਬਰਾਂ ਤੇ ਪੰਛੀਆਂ ਦੀ ਸੋਚ ਉੱਡੇ 

ਰੁੱਤ ਵਿੱਚ ਰੁੱਖਾਂ ਦੀ ਤਾਸੀਰ

ਪਿੱਪਲਾਂ ਤੇ ਬੋਹੜਾਂ ਦੀਆਂ ਜੜ੍ਹਾਂ ਨੇ ਪਤਾਲ ਵੰਨੀ 

ਪੱਤਿਆਂ ਦੀ ਮਿੱਟੀ ਤਕਦੀਰ

ਪਾਣੀ ਨਾਲੋਂ ਰੁੱਸਿਆਂ ਤੇ ਮਿੱਟੀ ਨਾਲੋਂ ਟੁੱਟਿਆਂ ਦੀ 

ਕਾਇਆ ਕਦੀ ਕਾਇਮ ਨਾ ਰਹੇ

ਨੀਵੀਂ ਨੀਵੀਂ ਨਦੀ ਪਈ ਵਹੇ

ਫੁੱਲਾਂ ਦਿਆਂ ਨੈਣਾਂ ਵਿੱਚ ਸੁਪਨੇ ਸੁਗੰਧੀ ਸਦਾ

ਬੀਜ ਬਣ ਜਾਈਏ ਇਹੋ ਰੀਝ

ਮਹਿਕਾਂ ਨੇ ਹੈ ਸਾਥ ਸਦਾ ਪੌਣਾਂ ਦਾ ਕਬੂਲਣਾ 

ਫੁੱਲਾਂ ਦਾ ਵਜੂਦ ਰਹਿਣ ਕੰਡਿਆਂ ਕਰੀਬ

ਆਸ਼ਕ ਅਦੀਬ ਹੁੰਦੇ ਫੁੱਲਾਂ ਦੀਆਂ ਵਾਦੀਆਂ 

ਵਾਦੀ ਸਦਾ ਵੱਸਦੀ ਰਹੇ

ਨੀਵੀਂ ਨੀਵੀਂ ਨਦੀ ਪਈ ਵਹੇ

ਵੱਡੇ ਵੱਡੇ ਸੁਪਨੇ ਤੇ ਨਿੱਕੀ ਜਿਹੀ ਜਿੰਦ ਮੇਰੀ 

ਏਨਾ ਕੁਝ ਕਿੰਝ ਇਹ ਸੰਭਾਲਦੀ

ਕਿਤੇ ਕ਼ੂੜ ਦੇ ਹਨੇਰੇ ਸਾਧਾਂ ਸੰਤਾਂ ਦੇ ਡੇਰੇ

ਅੱਗ ਅਕਲਾਂ ਦੀ ਕਿੱਥੇ ਕਿੱਥੇ ਬਾਲਦੀ

ਮੌਤ ਦੇ ਹਨੇਰਿਆਂ ਤੇ ਗੀਤਾਂ ਦੇ ਬਨੇਰਿਆਂ ਤੇ 

ਦੀਵਾ ਹਰਫ਼ਾਂ ਦਾ ਬਲਦਾ ਰਹੇ

ਨੀਵੀਂ ਨੀਵੀਂ ਨਦੀ ਪਈ ਵਹੇ

ਉੱਚੇ ਉੱਚੇ ਰੁਤਬੇ ਦੀ ਰੁੱਤ ਨਹੀਉਂ ਰਹਿਣੀ ਸਦਾ 

ਸਮਿਆਂ ਦੀ ਤੋਰ ਨਹੀਂਉਂ ਰੁਕਣੀ

ਪੌਣਾਂ ਤੇ ਪਰਿੰਦਿਆਂ ਦੇ ਕੇਹੜੇ ਸਨਮਾਨ ਹੁੰਦੇ 

ਬੰਦੇ ਵਾਲੀ ਭੁੱਖ ਨਹੀਂਉਂ ਮੁੱਕਣੀ

ਸ਼ੋਹਰਤਾਂ ਦੇ ਸਾੜਿਆਂ ਤੇ ਹਉਮੈਂ ਦਿਆਂ ਮਾਰਿਆਂ ਨੂੰ

ਖ਼ਾਕ ਵੀ ਨਾ ਆਪਣੀ ਕਹੇ

ਨੀਵੀਂ ਨੀਵੀਂ ਨਦੀ ਪਈ ਵਹੇ।

📝 ਸੋਧ ਲਈ ਭੇਜੋ