ਪਾਸਾ ਵਟ ਕੇ ਲੰਘਦਾ ਨਾਲੇ

ਪਾਸਾ ਵਟ ਕੇ ਲੰਘਦਾ ਨਾਲੇ ਮੁੱਖ ਲੈਂਦਾ ਪਰਤਾ।

ਝੱਲੀਏ ਉਹਦੀ ਖ਼ਾਤਿਰ ਹੱਸਦੀਆਂ ਅੱਖਾਂ ਨਾ ਛਲਕਾ।

ਮਸਤੀ ਦੇ ਵਿਚ ਡੋਲਣ ਸ਼ਾਖ਼ਾਂ ਕਲੀਆਂ ਡਿਗ ਡਿਗ ਜਾਵਣ,

ਉਹਦੇ ਜਿਸਮ ਦੀ ਖ਼ੁਸ਼ਬੂ ਲੈ ਕੇ ਉੱਡਦੀ ਫਿਰੇ ਹਵਾ।

ਮੈਂ ਨ੍ਹੇਰੇ ਦੀ ਬੁੱਕਲ ਮਾਰ ਕੇ ਤੇਰੇ ਬੂਹੇ ਆਈ,

ਆਪਣੇ ਰੂਪ ਦਾ ਕੁਝ ਤੇ ਚਾਨਣ ਮੇਰੀ ਝੋਲ਼ੀ ਪਾ।

ਅਜ਼ਲੋਂ ਮੈਂ ਰਸਮਾਂ ਦੀ ਕੈਦੀ, ਤੂੰ ਅੰਬਰਾਂ ਦਾ ਵਾਸੀ,

ਚੰਨ ਦਾ ਠੂਠਾ ਲੈ ਕੇ ਜੋਗੀਆ! ਮੇਰੇ ਵਿਹੜੇ ਆ।

ਸਾਂਭੀ ਨਹੀਉਂ ਜਾਂਦੀ ਹੁਣ ਤੇ ਇਹ ਦਰਦਾਂ ਦੀ ਵਣਗੀ,

ਜੀ ਕਰਦਾ ਗ਼ਮ ਦਾ ਪੰਛੀ ਆਪੇ ਦਿਆਂ ਉੱਡਾ।

ਮੇਰਾ ਟੋਰਾ ਦੁਨੀਆ ਨਾਲੋਂ ਕਿਉਂ ਨਾ ਤਿੱਖਾ ਹੁੰਦਾ,

ਪਰਤ ਪਿਸ਼ਾਨਹਾ ਕੀ ਤੱਕਦੀ ਮੇਰੇ ਚੜ੍ਹੀ ਸੀ ਮਗਰ ਬਲ਼ਾ। 

ਕਿਵੇਂ ਸਜ਼ਾ ਨਾ ਦਿੰਦੀ ਮੈਨੂੰ ਸਮੇਂ ਦੀ ਕੂੜ ਅਦਾਲਤ,

ਉਹਦੇ ਸਿਤਮ ਤੇ ਬੋਲ ਪਈ ਸਾਂ ਇਹੋ ਮੇਰੀ ਖ਼ਤਾ।

ਉਹਦੇ ਨਾਂ ਦੀ ਮਾਲ਼ਾ ਸੁਗ਼ਰਾ ਹਰਦਮ ਜਪਦੀ ਰਹਿੰਦੀ,

ਜਿਨ੍ਹੇ ਡੱਬੀ ਬੀੜੀ ਮੇਰੀ ਦਿੱਤੀ ਬੰਨੇ ਲਾ।

📝 ਸੋਧ ਲਈ ਭੇਜੋ