ਡਾਲ਼ ਪਾਸ਼ ਦੀ ਜਿਨ੍ਹਾਂ ਪਾਸ਼-ਪਾਸ਼ ਕੀਤੀ, ਮਨਸੂਬੇ ਉਨ੍ਹਾਂ ਦੇ ਵੀ ਪਾਸ ਨਾ ਹੋਣਗੇ ਜੀ।
ਦਾਲ਼-ਪਲੂਣੀ ਜਿਉਂ ਵਲਟੋਹੀ ‘ਚ ਰਿੱਝਦੀ ਹੈ, ਪੜਾਵੇ ਪਾਵਿਆਂ ਹੇਠ ਰੋਣਗੇ ਜੀ।
ਮੁਸ਼ਕੀ-ਮਿਰਗਾਂ ਨੂੰ ਮਾਰਨਗੇ ਪਾਲ਼ਤੂ-ਪਲੰਗੇ,ਪਿਸ਼ੌਰ-ਝਿੰਗਾਂ ‘ਚੋਂ ਛਿੱਟੜੇ ਚੋਣਗੇ ਜੀ।
ਪੈਲ਼ੀ-ਪਿੜ ਜਗਾਉਣ ਨੂੰ ਰੱਖੇ ਰੌਂਦ-ਰਖਵਾਲੇ, ਕਚਕੜਿਆਂ ਕੋਲ਼ ਬਹਿਣਗੇ ਜੀ।
ਪਾਨਪਿੱਦੀਆਂ ਨੇ ਜੰਡਾਂ ਦੇ ਜਿੱਦਾਂ ਮੁੱਢ ਖਾਧੇ, ਕਾਲ਼ੇ-ਕਰਮੰਤੜੇ ਚੂੰਡ ਕੇ ਖਾਣਗੇ ਜੀ।
ਜਲਜਮਣੀ ਨੇ ਰੱਤ ਜਦੋਂ ਜਮਾ ਦਿੱਤੀ, ਚੱਬੇ ਸੂਰਜ ਕੰਮ ਨਾ ਆਣਗੇ ਜੀ।
ਮੂੰਹ-ਘਪਾੜੀਆਂ ‘ਚੋਂ ਪਾਪ ਦੀ ਲਾਰ ਡਿੱਗੂ, ਕੂੜੇ, ਕੂੜ ਦੀ ਗਾਥਾ ਦੁਹਰਾਣਗੇ ਜੀ।
ਭੜਮੱਚੇ ਮੱਚਣੇ ਕਲੂ- ਲਹੂੰਡਿਆਂ ‘ਚ, ਪਾਪ-ਭਾਹ ਜਦੋਂ ਪੁੰਨ ਨਾਲ਼ ਟਕਰਾਣਗੇ ਜੀ।
ਹੜਕ-ਭੜਕ ਹਸ਼ਰ ਤੀਕ ਸੁਣੀ ਜਾਣੀ,ਐਟੀਲੇ, ਹਲਾਕੂ, ਚੰਗੇਜ਼ ਕੁਰਲਾਣਗੇ ਜੀ।
ਉਜ਼ਰ ਅੱਲਾ ਦਾ ਬਸਰ ਜੋ ਕਰਨਗੇ ਵੇ, ਓਦੋਂ ਅੰਨ੍ਹੇ ਮਖੀਰ ਨੂੰ ਜੱਫ਼ੀ ਪਾਣਗੇ ਜੀ।
ਜਿੰਦ ਬਿਰਹਾ ‘ਚ ਪੀਲ਼ੀ-ਪਿੰਗ ਹੋਈ, ਅੰਗ ਪਿੰਡੇ ‘ਤੇ ਪਿਚਕਾਰੀ ਡੁਲ਼ਾਣਗੇ ਜੀ।
ਨਕਾਰ ਵਸਦੇ ਪਿੰਡ ਫੇਰ ਉੱਜੜ ਜਾਣੇ, ਪੁੱਠੇ ਪੈਰਾਂ ਵਾਲ਼ੇ ਗੇੜੀ ਜਦੋਂ ਲਾਣਗੇ ਜੀ।
ਲਿਖਣ ਬੈਠੇ ਸੀ ਅਕੱਥ ਦੀ ਕਥਾ,ਕੀ ਪਤਾ ਸੀ ਜਾਫ਼ਰ ਜਫ਼ਰਨਾਮਾ ਲਿਖਾਣਗੇ ਜੀ?