ਪਾਈਏ ਇਸ਼ਕ ਧਮਾਲ ਵੇ ਸਾਈਆਂ।
ਤੂੰ ਸੁਰ ਤੇ ਮੈਂ ਤਾਲ ਵੇ ਸਾਈਆਂ।
ਸੜਦੀ ਬਲਦੀ ਰੂਹ ਪਈ ਮੰਗੇ,
ਸੱਚੇ ਪ੍ਰੇਮ ਦੀ ਸ਼ਾਲ ਵੇ ਸਾਈਆਂ।
ਇਸ਼ਕ ਦੇ ਪੈਂਡੇ ਟੁਰਦੇ ਰਾਹੀ,
ਡਿੱਗਿਆਂ ਤੀਕ ਸੰਭਾਲ਼ ਵੇ ਸਾਈਆਂ।
ਕਿਸੇ ਨਹੀਂ ਅੱਖੀਆਂ ਵਿਚੋਂ ਪੜ੍ਹਿਆ,
ਮੇਰੇ ਦਿਲ ਦਾ ਹਾਲ ਵੇ ਸਾਈਆਂ।
ਤੇਰੀ ਅੱਖ ਖ਼ਜ਼ਾਨੇ ਵੰਡੇ,
ਖ਼ਾਲੀ ਦਿਲ ਦਾ ਥਾਲ ਵੇ ਸਾਈਆਂ।
ਸੁੱਖ ਦੀ ਦਮੜੀ ਹੱਥ ਨਾ ਲੱਗੀ,
ਹੋ ਗਈ ਜਿੰਦ ਕੰਗਾਲ ਵੇ ਸਾਈਆਂ।
ਤੇਰੀ ਅੱਖ ਦੇ ਇੱਕ ਇਸ਼ਾਰੇ,
ਉਣਿਆ ਸਾਰਾ ਜਾਲ਼ ਵੇ ਸਾਈਆਂ।
ਤੂੰ ਜਦ ਵਰ ਜਵਾਬ ਨਾ ਦਿੱਤਾ,
ਹੋ ਗਏ ਚੁੱਪ ਸਵਾਲ ਵੇ ਸਾਈਆਂ।
ਕੋਈ ਅੱਖ ਨਹੀਂ ਜੁਰਅਤ ਕਰਦੀ,
ਤੂੰ ਹੋਵੇਂ ਜੇ ਨਾਲ਼ ਵੇ ਸਾਈਆਂ।