ਪੰਛੀ ਹੋਵਾਂ ਬਣ ਵਸਾਂ,

ਉਡਦਾ ਫਿਰਾਂ ਅਭੋਲ,

ਗਾ ਗਾ ਗੀਤ ਰਸੀਲੜੇ,

ਕਰਦਾ ਰਹਾਂ ਕਲੋਲ

ਜਿਸ ਥਾਂ ਤੇ ਜਦ ਜੀ ਕਰੇ,

ਚੁਗਾਂ ਸੁਆਦੀ ਚੋਗ

ਕੋਈ ਗ਼ਮ ਨਾ ਛੁਹ ਸਕੇ,

ਰਹਿਵਾਂ ਸਦਾ ਅਰੋਗ

ਨਿਕਲ ਆਲ੍ਹਣੇ ਅੰਦਰੋਂ,

ਅਪਣੇ ਹਾਣੀ ਨਾਲ

ਪਹੁ ਦੀ ਲਾਲੀ ਵਿਚ ਨ੍ਹਾ,

ਹੋਵਾਂ ਲਾਲੋ ਲਾਲ

ਏਹੋ ਮੇਰੀ ਰੀਝ ਹੈ,

ਏਹੋ ਮੇਰੀ ਮੰਗ

ਰੱਜ ਰੱਜ ਕੇ ਮਾਣ ਲਾਂ,

ਮੈਂ ਕੁਦਰਤ ਦੇ ਰੰਗ

ਇਹ ਕੁਦਰਤ ਦੇ ਰੰਗ ਹੀ,

ਰਹੇ ਨੇ ਖਿੱਚਾਂ ਪਾ

ਗੂਹੜੇ ਇਹਨਾਂ ਵਾਂਗ ਹਨ,

ਮੇਰੇ ਮਨ ਦੇ ਚਾ

ਇਕ ਇਕ ਕਿਣਕੇ ਅੰਦਰੋਂ,

ਕੁਦਰਤ ਕਹੇ ਪੁਕਾਰ :

'ਆ ਜਾ ਮੇਰੀ ਗੋਦ, ਜੇ

ਰਜਵਾਂ ਲੋੜੇਂ ਪਿਆਰ'

ਸੁਣ ਸੁਣ ਵਾਜਾਂ ਉਹਦੀਆਂ,

ਤੜਫੇ ਦਿਲ ਦੀ ਚਾਹ,

ਸੌੜੇ ਏਸ ਸਮਾਜ ਤੋਂ,

ਹੁਟਦਾ ਜਾਵੇ ਸਾਹ

ਇਕ ਰੋਟੀ ਦੀ ਫ਼ਿਕਰ ਹੀ,

ਲੈਂਦੀ ਖ਼ੁਸ਼ੀਆਂ ਚੱਟ ;

ਆਉਂਦਾ ਮੁੜ ਅੰਗੂਰ ਨਾ,

ਐਸੇ ਲੱਗਣ ਫੱਟ

ਪੰਛੀ ਹੋਵਾਂ ਬਣ ਵਸਾਂ,

ਉਡਦਾ ਫਿਰਾਂ ਅਭੋਲ,

ਗਾ ਗਾ ਗੀਤ ਰਸੀਲੜੇ,

ਕਰਦਾ ਰਹਾਂ ਕਲੋਲ

📝 ਸੋਧ ਲਈ ਭੇਜੋ