ਪੱਪਾ ਪਰਸੇ ਬਿਨਾਂ ਨਹੀਂ ਗੁਰੂ ਮਿਲਦੇ, ਗਿਆਨ ਆਂਵਦਾ ਗੁਰੂ ਤੋਂ ਬਾਝ ਨਾਹੀਂ

ਗੁਰਾਂ ਬਾਝ ਨਾ ਭਜਨ ਦੀ ਰੀਤ ਆਵੇ, ਜੈਸਾ ਮੂਲ ਤੋਂ ਬਿਨਾਂ ਵਿਆਜ ਨਾਹੀਂ

ਮੱਖਣ ਮਿਲੇ ਨਾ ਲੱਖ ਜੇ ਜਤਨ ਕਰੀਏ, ਜਿੱਚਰ ਲਗਦੀ ਦੁੱਧ ਨੂੰ ਜਾਗ ਨਾਹੀਂ

ਗੁਰੂ ਬਿਨਾਂ ਨਾ ਬ੍ਰਹਮ-ਗਿਆਨ ਹੋਵੇ, ਬਿਨਾਂ ਫੂਕ ਤੋਂ ਪੂਰੀ ਦਾ ਨਾਦ ਨਾਹੀਂ

ਗੁਰ ਬਿਨ ਦਿਲੋਂ ਭਰਮ-ਸੰਕਲਪ ਜਾਵੇ, ਫੋੜਾ ਹਟੂਗਾ ਜਾਣਾਂ ਦਾਗ਼ ਨਾਹੀਂ

ਬਿਨਾ ਗਿਆਨ ਤੋਂ ਜਾਨ ਨਾ ਵਸ ਆਵੇ, ਬਿਨਾਂ ਮੰਤਰਾਂ ਕੀਲੀਦਾ ਨਾਗ ਨਾਹੀਂ

ਸੰਗਤ ਕੀਤਿਆਂ ਬਾਝ ਨਾ ਸੁੱਧ ਆਵੇ, ਬਿਨਾਂ ਠੋਕਰੋਂ ਵੱਜਦਾ ਸਾਜ ਨਾਹੀਂ

ਕਦੇ ਨ੍ਹੇਰ ਅਗਿਆਨ ਦੂਰ ਹੋਵੇ, ਜਿੱਚਰ ਬਾਲੀਏ ਗਿਆਨ ਚਿਰਾਗ਼ ਨਾਹੀ।

ਪੂਰਾ ਗੁਰੂ ਤੋਂ ਢੂੰਡ ਲੈ ਬੰਦਿਆ ਓਏ, ਜਾਵੇ ਜਨਮ ਅਮੋਲ ਬਰਬਾਦ ਨਾਹੀ

ਛੇਤੀ ਸਿਮਰ ਰਘੁਨਾਥ-ਪ੍ਰਮਾਤਮਾਂ ਨੂੰ, ਤੇਰੀ ਦੇਹੀ ਦੀ ਕੁੱਛ ਮੁਨਿਆਦ ਨਾਹੀਂ

ਪਲ-ਪਲ ਘੜੀ-ਘੜੀ ਛਿਨ-ਛਨ ਜਾਂਦੀ, ਉਮਰ ਦਾ ਕਰੇ ਹਸਾਬ ਨਾਹੀ

ਬੰਦੇ ਬੰਦਗੀ ਬਿਨਾਂ ਬਬਾਨ ਕਿੱਥੋਂ, ਜੈਸਾ ਖੇਤੀਓਂ ਬਿਨਾਂ ਅਨਾਜ ਨਾਹੀਂ

ਜਿਨ੍ਹਾਂ ਨਾਮ ਲਿਆ ਨਾ ਦਾਨ ਕੀਤੇ, ਚੰਗੇ ਜਾਣੀਏਂ ਤਿਨ੍ਹਾਂ ਦੇ ਭਾਗ ਨਾਹੀਂ

ਬਿਨਾਂ ਰੂਹ ਤੋਂ ਬੁੱਤ ਨਾ ਕੰਮ ਆਵੇ, ਜੇਹਾ ਤਾਰ ਤੋਂ ਬਿਨਾਂ ਰਬਾਬ ਨਾਹੀਂ

ਬਿਨਾਂ ਕੰਠ ਤੋਂ ਸਭਾ ਮੇ ਗਾਵਣਾ ਕੀ, ਵੇਲ੍ਹੇ ਬਿਨਾਂ ਵੀ ਸੋਹਵੰਦਾ ਰਾਗ ਨਾਹੀਂ

ਤੁਰੇ ਅੰਨ ਤੋਂ ਬਿਨਾਂ ਨਾ ਦੇਹ-ਗੱਡੀ, ਚੱਲੇ ਪਾਣੀਓਂ ਬਿਨਾਂ ਜਹਾਜ ਨਾਹੀਂ

ਪਾਪੀ ਤਜੇ ਨਾ ਪਾਪ ਮੁਰਦਾਰ ਤਾਂਈਂ, ਪਿਆਰ ਵਿਸ਼ਟਾ ਤੱਜਦਾ ਕਾਗ ਨਾਹੀਂ।

ਮੁੱਕੀ ਚੋਗ ਤੋਂ ਬਿਨਾਂ ਨਾ ਮੌਤ ਆਵੇ, ਮਰ ਜਾਨ ਦਾ ਕੁੱਛ ਇਲਾਜ ਨਾਹੀਂ।

ਜੇਕਰ ਅੰਦਰੋਂ ਰਿਦਾ ਨਾ ਸਾਫ਼ ਹੋਵੇ, ਮੁਕਤ ਹੋਂਵਦੀ ਨ੍ਹਾਤਿਆਂ ਪਰਾਗ ਨਾਹੀਂ।

ਲੱਗਾ ਚਿੱਤ ਨੂੰ ਨਾਮ ਸਬੂਣ ਬਾਝੋਂ, ਲਹਿਣਾ ਪਾਣੀ ਨਾ ਧੋਤਿਆਂ ਦਾਗ਼ ਨਾਹੀਂ।

ਜਿਨ੍ਹਾਂ ਚੱਖਿਆ ਹੈ ਸੋਈ ਜਾਣਦੇ ਹੈ, ਨਾਮ ਨਾਲ ਦਾ ਹੋਰ ਸੁਆਦ ਨਾਹੀਂ।

ਦੇਵਾ ਸਿੰਘ ਜਗਤ ਦੇ ਨਾਮ ਰਤੇ, ਧਰਮ-ਰਾਜ ਨੇ ਲਿਆ ਹਿਸਾਬ ਨਾਹੀਂ।

📝 ਸੋਧ ਲਈ ਭੇਜੋ