ਪੱਪਾ ਆਖਦਾ ਪ੍ਰੇਮ ਦੇ ਫਲ ਬਾਝੋਂ, ਰੱਬ ਰੁੱਖ ਸਰੀਂਹ ਦਾ ਸੁੱਕ ਜਾਏ ।
ਬੂਟਾ ਫਲਨ ਦੀ ਆਸ ਉਮੈਦ ਕਿਆ ਹੈ, ਬੀਤ ਚੇਤ ਬਸੰਤ ਦੀ ਰੁੱਤ ਜਾਏ ।
ਲੱਖ ਬਰਸ ਦੀ ਜਮ੍ਹਾਂ ਗੁੰਜਾਇਸ਼ ਕੀਤੀ, ਭਾਵੇਂ ਅੱਜ ਹੀ ਚੋਗ ਨਖੁੱਟ ਜਾਏ।
ਰਾਹੀ ਰੂਹ ਸਰੀਰ ਮੇਂ ਵੱਸ ਰਿਹਾ, ਭਾਵੇਂ ਅੱਜ ਹੀ ਛੋਡਕੇ ਬੁਤ ਜਾਏ।
ਜੇਕਰ ਮਰਨ ਦੇ ਵਕਤ ਨੂੰ ਯਾਦ ਰੱਖੇ, ਬੰਦਾ ਰੱਬ ਦੀ ਤਰਫ ਨੂੰ ਝੁੱਕ ਜਾਏ ।
ਪੂਰਾ ਮਿਲੇ ਗੁਰਦੇਵ ਤਬੀਬ ਕੋਈ, ਤਾਹੀਂ ਦੂਈ ਦੁਰਮੱਤ ਦਾ ਦੁਖ ਜਾਏ ।
ਮਨ ਜਾਣ ਤੂੰ ਪ੍ਰਿਥਮੇਂ ਮਰਨ ਚੰਗਾ, ਜੇਕਰ ਮਰਨ ਦਾ ਫੈਸਲਾ ਮੁੱਕ ਜਾਏ ।
ਖਾਲੀ ਪੱਲਿਓਂ ਮਕਰ ਪਾਖੰਡ ਕਰਦੇ, ਭਲਾ ਸੋ ਜੋ ਪਾਇਕ ਲੁਕ ਜਾਏ ।
ਭਲੇ ਭਜਨ ਬਿਨ ਇਸਤ੍ਰੀ ਮਰਦ ਨਾਹੀਂ, ਸਾੜੀ ਦੁਹਾਂ ਦੀ ਪੱਗ ਤੇ ਗੁੱਤ ਜਾਏ।
ਸੱਚ ਆਖਦੇ ਤਿਆਗ ਵਿਰਾਗ ਬਾਝੋਂ, ਕੈਸੇ ਜੀਵ ਅਜ਼ਾਬ ਤੋਂ ਛੁਟ ਜਾਏ ।
ਭਾਵੇਂ ਰਾਜ ਕਰੀਏ ਨੌਖੰਡ ਪ੍ਰਿਥਵੀ ਦਾ ਭੋਗ ਭੋਗਿਆਂ ਦਿਲੋਂ ਨ ਭੁੱਖ ਜਾਏ।
ਦਯਾ ਸਿੰਘ ਤੂੰ ਇਸ਼ਕ-ਸ਼ਰਾਬ ਪੀ ਲੈ, ਮੱਤ ਕੌਲ ਕਲਬੂਤ ਦਾ ਫੁੱਟ ਜਾਏ ।