ਅਸੀਂ ਪਰਵਾਸੀ ਪੰਛੀ ਵੇ ਹਾਣੀਆ ਦੇਸ਼ ਤੇਰੇ ਵਿਚ ਆਏ
ਅਸੀਂ ਪੌਣ ਪੁਰੇ ਦੀ ਵੇ ਕੋਈ ਪੱਛਮ ਨਾ ਗਲ ਲਾਏ
ਅਸੀਂ ਕਿਥੋਂ ਆਏ ਵੇ ਹਾਣੀਆ ਕਿਸ ਪਾਸੇ ਵੱਲ ਜਾਣਾ
ਕੂੰਜ ਕੋਈ ਡਾਰੋਂ ਵਿਛੜੀ ਵੇ ਰਾਤ ਲਈ ਲਭਦੀ ਫਿਰੇ ਟਿਕਾਣਾ
ਕੋਈ ਜੂਹ ਬੇਗਾਨੀ ਏਂ ਵੈਰੀਆ ਰੁੱਖ ਵੀ ਗਲ ਨਾ ਲਾਏ
ਅਸੀਂ ਪੌਣ ਪੁਰੇ ਦੀ ਵੇ ਕੋਈ ਪੱਛਮ ਨਾ ਗਲ ਲਾਏ
ਸਾਡੀ ਰੁਲੇ ਜਵਾਨੀ ਵੇ ਮਹਿਰਮਾ ਜੋਬਨ ਬਿਰਥਾ ਜਾਏ
ਰੁੱਖ ਖੂਹਾਂ ਕੰਢੇ ਤੇ ਦੋਸਤਾ ਰਹਿਣ ਸਦਾ ਤਰਿਹਾਏ
ਸਾਡੀ ਹਾਲਤ ਤੱਕ ਵੇ ਕਮਲਿਆ ਪੰਛੀ ਵੀ ਕੁਰਲਾਏ
ਅਸੀਂ ਪੌਣ ਪੁਰੇ ਦੀ ਵੇ ਕੋਈ ਪੱਛਮ ਨਾ ਗਲ ਲਾਏ
ਜਦ ਮੌਸਮ ਬਦਲੇਗਾ ਸੱਜਣ ਜੀ ਸਿੱਟਿਆਂ 'ਚ ਪੈਣਗੇ ਦਾਣੇ
ਤੇਰੇ ਵਤਨ ਨੂੰ ਛੱਡ ਕੇ ਵੇ ਹਾਣੀਆ ' ਜਾਣਾ ਦੇਸ਼ ਬੇਗਾਨੇ
ਕੋਈ ਜਿਸਮ ਹੀ ਬਣ ਜਾਂਦੇ ਕਿਉਂ ਜੂਨ ਰੂਹਾਂ ਦੀ ਆਏ
ਅਸੀਂ ਪੌਣ ਪੁਰੇ ਦੀ ਵੇ ਕੋਈ ਪੱਛਮ ਨਾ ਗਲ ਲਾਏ
ਤੂੰ ਨੀਰ ਸਮੁੰਦਰਾਂ ਦਾ ਕੋਈ ਇਕ ਬੂੰਦ ਲਈ ਤਰਸੇ
ਅਸੀਂ ਬਦਲ ਬਣਕੇ ਵੀ ਲੱਖ ਵਾਰ ਮਿਲਣ ਲਈ ਵਰਸੇ
ਕੋਈ ਹੰਝੂ ਪੀ ਕੇ ਵੇ ਕਿਸ ਤਰ੍ਹਾਂ ਦਿਲ ਦੀ ਅੱਗ ਬੁਝਾਏ
ਅਸੀਂ ਪੌਣ ਪੁਰੇ ਦੀ ਵੇ ਕੋਈ ਪੱਛਮ ਨਾ ਗਲ ਲਾਏ
ਇੱਟ ਚੁਬਾਰੇ ਦੀ ਅਸੀਂ ਗਲੀਆਂ ਦੇ ਕੱਖ ਨਿਮਾਣੇ
ਧਰਤ ਸੁਹਾਵੀ ਵੇ ਸਾਨੂੰ ਇਕ ਕਿਣਕਾ ਨਾ ਜਾਣੇ
ਅਸੀਂ ਚੰਬਾ ਚਿੜੀਆਂ ਦਾ ਇੱਥੇ ਚੋਗ ਚੁਗਣ ਲਈ ਆਏ
ਅਸੀਂ ਪੌਣ ਪੁਰੇ ਦੀ ਵੇ ਕੋਈ ਪੱਛਮ ਨਾ ਗਲ ਲਾਏ
ਮਹਿਲੀਂ ਸੁੱਤਾ ਵੇ ਸਾਡੀ ਨੈਣੀਂ ਨੀਂਦ ਨਾ ਆਏ
ਜਦ ਝੱਖੜ ਝੁੱਲਦੇ ਨੇ ਕੱਖ ਕੁੱਲੀਆਂ ਦੇ ਘਬਰਾਏ
ਇਕ ਵਾਰ ਬੁਲਾ ਲੈ ਵੇ ਪਾਪੀਆ ਦਿਨ ਵਿਛੜਨ ਦੇ ਆਏ
ਅਸੀਂ ਪੌਣ ਪੁਰੇ ਦੀ ਵੇ ਕੋਈ ਪੱਛਮ ਨਾ ਗਲ ਲਾਏ