1

ਮਧ ਸਾਗਰ ਦਾ, ਕੱਲਾ ਇਕ ਜਹਾਜ਼,

ਮੌਸਮ ਤੂਫ਼ਾਨੀ, ਲਗੇ ਜਿਵੇਂ ਆਕਾਸ਼ ਨਾਰਾਜ਼

ਲਹਿਰਾਂ ਬਣ ਬੇਤੁਕੀਆਂ ਮਾਰਨ ਪਲਸੇਟੇ,

ਉਹ ਟਕਰਾਣ ਤੇ ਟੁੱਟ ਟੁੱਟ ਜਾਣ, ਕਰਦੀਆਂ ਨਾਸ਼

ਹੋਇਆ ਜਹਾਜ਼ ਉਲਾਰ,

ਇਕ ਪਲ ਵਿਚ ਇਹ ਉਭਰ ਖੜੋਤਾ,

ਇਹ ਚਟਾਨ ਸੰਗ ਹੈ ਟਕਰਾਯਾ

ਮਰ ਗਏ

ਦੋ ਸੌ ਜਾਨਾਂ ਹਨ ਖੁਸ ਗਈਆਂ,

ਅੰਤ ਆਣ ਤੋਂ ਪਹਿਲਾਂ ਵੇਖੀ ਉਨ੍ਹਾਂ ਕਿਆਮਤ,

ਪਰਲੈ ਹੋਵੇਗੀ ਏਦਾਂ,

ਦੁਨੀਆਂ ਹੋਸੀ ਪਾਣੀ ਦੀ ਚਾਦਰ; ਤਪਦਾ ਪਾਣੀ,

ਸ਼ਕਤੀ ਬਣਸੀ ਪਉਣ,

ਸ਼ਿਵ ਹੋਸੀ ਬੇਕਾਬੂ,

ਦੁਨੀਆਂ ਦਿੱਸੇਗੀ ਇੱਕੋ ਇੱਕ,

ਉਹ ਹੋਵੇਗੀ ਵਾਂਗਰ ਸ਼ਕਤੀ,

ਜਿਸਦੇ ਪਿੱਛੇ ਸ਼ਿਵ ਖੜੋਣਗੇ,

ਕੇਵਲ ਪਉਣ ਹਿਲਾਂਦੀ ਰੱਸੇ ਢਿਲਕਵੇਂ, ਅਤੇ ਪਾਵੇ ਜਾਨ ਉਨ੍ਹਾਂ ਵਿਚ

ਇਹ ਪਉਣ ਹੈ ਜਿਹੜੀ ਜਲ ਵਿਚ ਛੇੜੇ ਇਕ ਤੂਫ਼ਾਨ,

ਲਹਿਰਾਂਦੀ ਬਿਜਲੀ ਵਿਚ ਆਕਾਸ਼,

ਪਾਣੀ ਤੋਂ ਅਗਨੀ ਉਪਜਾਵੇ ਤੇ ਅਗਨੀ ਤੋਂ ਪਾਣੀ,

ਪਾਣੀ ਤਾਈਂ ਅਣੂੰ ਵਿਚ ਪਲਟੇ ਅਤੇ ਅਣੂੰ ਵਿਚ ਪਾਣੀ,

ਅਤੇ ਪਾਵੇ ਹਫੜਾ ਦਫ਼ੜੀ,

ਪਉਣ ਕਰੇ ਅੰਤ ਦੁਨੀਆਂ ਦਾ,

ਪਉਣ ਬਚਾਏ ਜੀਵਨ,

ਸਾਡਾ ਵੀ ਉਹ ਬਣੇ ਰਖਵਾਲਾ,

*ਨਮਸਤੇ ਵਾਯੋ, ਤਵਮੇਵ ਪ੍ਰਤਯਕਸ਼ਮ ਬ੍ਰਹਮਸਿ*

2

ਕੰਨ ਹੈ ਪਾਤਰ ਪਉਣ ਦਾ

ਸ਼ਿਵ ਦੇ ਕੰਨਾਂ ਵਿਚ ਪਉਣ ਬਣਦਾ ਸੰਤਰੀ,

ਸੁਣ ਨਾ ਸਕੇ ਸ਼ਿਵ ਜੇਕਰ ਪਉਣ ਨਾ ਹੋਵੇ,

ਪੌਣ ਦੇ ਕੋਈ ਕੰਨ ਨਾ,

ਉਹ ਤਾਂ ਹੈਵੇ ਡੋਰਾ,

ਜਿਸ ਦੇ ਹੋਵਣ ਕੰਨ, ਕੀ ਉਹ ਚੀਕੇ ਇਹਦੇ ਵਾਂਗ ?

ਜਿਸ ਦੇ ਹੋਵਣ ਕੰਨ, ਕੀ ਉਹ ਕਰ ਕੱਠੇ ਬਦਲਾਂ ਨੂੰ,

ਲੀਲ੍ਹਾ ਖ਼ਾਤਰ ਗਰਜ ਬਣਾਵੇ ?

ਜਿਸ ਦੇ ਹੋਵਣ ਕੰਨ, ਕੀ ਉਹ ਖੇਡੇ ਖੇਡ ਸਾਗਰ ਗੰਧਲਾ ਕਰਨ ਦੀ ?

ਅਸੀਂ ਪੂਜੀਏ ਪਉਣ, ਸ਼ਬਦ ਤੇ ਬਲ ਨੂੰ !

ਰੇਤਥਲੇ ਦੀ ਰੇਤ,

ਰੇਤ,

ਰੇਤ,

ਰੇਤ ਪਸਰੀ ਚਾਰੇ ਪਾਸੇ ਮੀਲਾਂ ਤੀਕਰ,

ਸਮੇ ਸ਼ਾਮ ਦੇ

ਰੇਤੜ ਉਤੇ ਵਣਜਾਰਿਆਂ ਦਾ ਕਾਫ਼ਲਾ, ਊਠਾਂ ਉਤੇ ਸਵਾਰ,

ਘਿਰਿਆ ਹੋਇਆ ਚਕਰ ਤੂਫ਼ਾਨੀ,

ਇਕ ਪਲ ਦੀ ਦੋਜਖ਼ ਦਏ ਦਬਾ

ਵਣਜਾਰਿਆਂ ਦਾ ਝੁੰਡ ਰੇਤੜ ਵਿਚ,

ਪਉਣ ਹੋ ਸਕਦਾ ਹੈ ਜ਼ਾਲਮ,

ਰੁਦਰ-ਭਿਆਨਕ,

ਜਿਦ੍ਹੀ ਆਵਾਜ਼ ਭਿਅੰਕਰ,

ਸਿੱਟੇ ਵਜੋਂ ਵਿਨਾਸ਼ੀ !

ਅਸੀਂ ਸਲਾਹੀਏ ਪਉਣ ਦੇਵ ਨੂੰ

ਭੀਮ, ਹਨਵੰਤ, ਪਉਣ ਦੇ ਬੱਚੇ, ਲਿਖਿਆ ਵਿਚ ਪੁਰਾਣਾਂ,

ਕਹਿੰਦੇ ਦੇਵ ਸਭ ਜੀਂਦੇ ਪ੍ਰਾਣੀ ਪਉਣ ਦੀ ਹਨ ਸੰਤਾਨ,

ਜੀਵਨ ਹੈ ਪਉਣ,

ਜੀਵਨ ਹੈ ਰੂਪ, ਪਉਣ ਇਦ੍ਹੀ ਸ਼ਕਤੀ,

ਮਾਂ ਧਰਤੀ ਜੀਵੇ

ਉਹਦਾ ਸਵਾਸ ਹੈ ਪਉਣ ਧਰਾ ਦੀ,

ਪਉਣ ਹੈ ਜੀਵਨ, ਉਹ ਹੈ ਜੀਵਨ-ਨਾਸ਼ਕ,

ਪਉਣ ਹੈ ਜੀਵਨ, ਜੀਵਨ ਦੇ ਲਈ ਮੌਤ ਕੋਈ ਨਾ,

ਛੋਟਾ ਜੀਵਨ ਘੁਲ ਮਿਲ ਜਾਵੇ ਨਾਲ ਬ੍ਰਹਮ ਦੇ,

ਮੌਤ ਕੋਈ ਨਾ,

ਜੀਵਨ ਦਾ ਥੱਲਾ ਬ੍ਰਹਿਮੰਡ,

ਜਨਮ, ਵਿਕਾਸ, ਤਬਦੀਲੀ, ਮੌਤ ਸਾਰੇ ਕਿਰਤ ਹਨ ਜੀਵਨ ਸੰਦੀ,

ਜੀਵਨ ਅਸੀਂ ਸਲਾਹੀਏ

ਜੀ ਆਇਆਂ ਨੂੰ, ਹੇ ਪਉਣ !

ਧਾਰ ਬੂਰ, ਮਿਠੀ ਗੰਧ ਸੰਗ, ਜੋ ਦਿਲ ਨੂੰ ਖ਼ੁਸ਼ ਕਰਦੀ

ਬੁਰਸ਼ ਮਾਰ ਚਮਕਾਵੀਂ ਪਤਿਆਂ ਤੇ ਲਹਿਰਾਂ ਦੇ ਤਾਈਂ,

ਅਤੇ ਲਿਆਵੀਂ ਜੀਵਨ-ਤੱਤ ਨੂੰ,

ਆ, ਹੇ ਪਉਣ !

ਜੀਵਨ-ਲਾਟ ਨੂੰ ਲੰਮਿਆਵੀਂ,

ਤੇ ਚਾਨਣ ਸੰਗ ਰੁਸ਼ਨਾਵੀਂ ਇਸਨੂੰ,

ਸ਼ਕਤ ਸੁਕੇੜ ਕੇ ਇਹਨੂੰ ਦੂਰ ਕਰੀਂ ਨਾ,

ਬਹੁਤ ਤੇਜ਼ ਚਲ ਕੇ ਵੀ ਇਹਨੂੰ ਘੁੱਟ ਦਈਂ ਨਾ,

ਹੌਲੇ ਹੌਲੇ ਨਾਲ ਦ੍ਰਿੜ੍ਹਤਾ ਚਲੀਂ ਦੇਰ ਤਕ,

ਅਸੀਂ ਗਾਵੀਏ ਤੇਰੀ ਖ਼ਾਤਰ,

ਅਸੀਂ ਸਲਾਹੀਏ ਤੈਨੂੰ,

ਅਸੀਂ ਪੂਜੀਏ ਤੈਨੂੰ

ਨਿੱਕੀ ਜਿਹੀ ਕੀੜੀ ਵਲ ਵੇਖੋ,

ਓਹੋ ਕਿੰਨੀ ਨਿੱਕੀ

ਫਿਰ ਵੀ ਇਸ ਦੇ ਹੱਥ, ਲੱਤਾਂ, ਮੂੰਹ, ਪੇਟ

ਸਾਰੇ ਅੰਗ ਹਨ ਆਪਣੀ ਥਾਂ ਤੇ,

ਕਿਸ ਨੇ ਰਚਿਆ ?

ਮਹਾਂ ਸ਼ਕਤੀ ਨੇ

ਨਿੱਕੇ ਅੰਗ ਕਾਰਜ ਸਾਧਣ ਠੀਕ ਠੀਕ,

ਕੀੜੀ ਖਾਵੇ, ਸੋਵੇ, ਸੰਗ ਕਰੇ, ਬੱਚੇ ਜਣੇ,

ਦੌੜੇ, ਇਕੱਠੀ ਹੋਵੇ, ਲੜੇ, ਰਖਿਆ ਕਰੇ ਰਾਜ ਦੀ

ਪਉਣ, ਜਿਸਤੋਂ ਸਾਹ ਲਵੇ, ਸਭ ਦਾ ਹੀ ਸਰੋਤ ਹੈ,

ਪਉਣ ਮਹਾਂ ਸ਼ਕਤੀ ਲਈ ਜੀਵਨ ਦੀ ਖੇਡ

ਖੇਡਣ ਦਾ ਮਾਧਿਅਮ ਹੈ

ਅਸੀਂ ਸਲਾਹੀਏ ਪਉਣ ਨੂੰ

ਉਹ ਹੈ ਦਲੇਰੀ ਗਿਆਨ ਵਿਚ

ਪਿਆਰ ਪਲਟਦੇ, ਨਫ਼ਰਤ ਵਿਚ, ਦਿਲ ਅੰਦਰ,

ਜੀਵਨ ਵਿਚ ਰਹਿੰਦੀ ਹੈ ਵਾਂਗ ਆਤਮਾ

ਅਸੀਂ ਜਾਣਦੇ ਇਸ ਦੇ ਕੰਮਾਂ ਨੂੰ ਬਾਹਰੀ ਜਗਤ ਵਿਚ,

ਅਤੇ ਅਸੀਂ ਫਿਰ ਨਹੀਂ ਵੀ ਜਾਣਦੇ,

ਉਸਤਤ ਕਰੋ ਪਉਣ ਦੀ

📝 ਸੋਧ ਲਈ ਭੇਜੋ