ਪੌਣਾਂ ਦੀ ਝਾਂਜਰ

ਕੁਝ ਗੀਤ ਵੀ ਐਸੇ ਹੁੰਦੇ ਨੇ 

ਪੌਣਾਂ ਦੀ ਝਾਂਜਰ ਬਣਦੇ ਨੇ 

ਧਰਤੀ ਦੇ ਕੰਨੀ ਬੁੰਦੇ ਨੇ

ਕੁਝ ਗੀਤ ਤਾਂ ਮਿਲਕੇ ਇੱਕ ਵਾਰੀ 

ਅੰਬਰਾਂ ਤੇ ਉੱਚਾ ਉੱਡ ਜਾਂਦੇ 

ਰਾਹ ਘਰ ਪਰਤਣ ਦਾ ਭੁੱਲ ਜਾਂਦੇ 

ਸੀਨੇ ਦਾ ਭਰਕੇ ਰੁੱਗ ਜਾਂਦੇ

ਜਲ ਥਲ ਵਿੱਚ ਕਿਧਰੇ ਨਹੀਂ ਲੱਭਦੇ 

ਕਰ ਜਾਣ ਉਮਰ ਲਈ ਸੁੰਞੇ ਨੇ 

ਕੁਝ ਗੀਤ ਵੀ ਐਸੇ ਹੁੰਦੇ ਨੇ

ਕੁਝ ਗੀਤ ਹੁੰਦੇ ਨੇ ਰੁੱਖ ਵਰਗੇ 

ਦੁੱਖ ਆਪਣਾ ਮੂਲ ਨਾ ਦੱਸਦੇ ਨੇ 

ਕਦੀ ਛਾਂ ਬਣਦੇ ਕਦੀ ਮਾਂ ਬਣਦੇ 

ਕਦੀ ਬੱਦਲ ਬਣਕੇ ਵੱਸਦੇ ਨੇ 

ਧਰਤੀ ਦੇ ਸਭੇ ਸੁਪਨੇ ਹੀ 

ਪੱਤਿਆਂ ਵਿੱਚ ਸੋਹਣੇ ਗੁੰਦੇ ਨੇ

ਕੁਝ ਗੀਤ ਵੀ ਐਸੇ ਹੁੰਦੇ ਨੇ

ਕੁਝ ਗੀਤ ਹੁੰਦੇ ਮਹਿਬੂਬ ਜਹੇ

ਮਿਲਕੇ ਵੀ ਕਦੀ ਉਹ ਮਿਲਦੇ ਨਹੀਂ 

ਕੰਢਿਆਂ ਤੇ ਕਰਨ ਉਡੀਕ ਸਦਾ 

ਕੱਚਿਆਂ ਸੰਗ ਕਿਧਰੇ ਠਿੱਲਦੇ ਨਹੀਂ 

ਸੰਗਮਰਮਰ ਵਾਂਗ ਹੁਸੀਨ ਬੜੇ 

ਕੁਝ ਸੁਣਦੇ ਨਹੀਂ ਇਹ ਗੁੰਗੇ ਨੇ 

ਕੁਝ ਗੀਤ ਵੀ ਐਸੇ ਹੁੰਦੇ ਨੇ

ਕੁਝ ਗੀਤ ਹੁੰਦੇ ਨੇ ਮਾਂ ਵਰਗੇ 

ਕੁੱਲ ਕਸ਼ਟ ਜਾਨ 'ਤੇ ਸਹਿੰਦੇ ਨੇ 

ਫੁੱਲਾਂ ਨੂੰ ਬਹਾਰਾਂ ਬਖਸ਼ਣ ਲਈ 

ਖੁਦ ਉਮਰਾਂ ਪੱਤਝੜ੍ਹ ਰਹਿੰਦੇ ਨੇ 

ਪੁੱਤਰਾਂ ਨੂੰ ਪਲਕ ਬਿਠਾਂਦੇ ਨੇ 

ਖੁਦ ਗਿੱਲੇ ਸੌਂਦੇ ਭੁੰਜੇ ਨੇ 

ਕੁਝ ਗੀਤ ਵੀ ਐਸੇ ਹੁੰਦੇ ਨੇ 

ਕੁਝ ਗੀਤ ਹੁੰਦੇ ਨੇ ਲੋਕਾਂ ਦੇ 

ਲੋਕਾਂ ਦੀ ਵਿਰਾਸਤ ਬਣ ਜਾਂਦੇ 

ਬਣ ਜਾਂਦੇ ਹੁਸਨ ਲੋਕਾਈ ਦਾ 

ਜ਼ਿੰਦਗੀ ਦੀ ਨਫ਼ਾਸਤ ਬਣ ਜਾਂਦੇ 

ਉਹ ਗੀਤ ਰਹਿਣਗੇ ਸਦਾ ਸਦਾ 

ਉਹੀ ਮੰਦਰ ਮਸਜਿਦ ਬੁੰਗੇ ਨੇ 

ਕੁਝ ਗੀਤ ਵੀ ਐਸੇ ਹੁੰਦੇ ਨੇ

ਕੁਝ ਗੀਤ ਹਾਂ ਰਾਹ ਵਿੱਚ ਛੱਡ ਆਏ 

ਕੁਝ ਗੀਤ ਅਸਾਥੋਂ ਵਿਸਰ ਗਏ 

ਅਸੀਂ ਦੋਚਿਤੀ ਦੀ ਮਿੱਟੀ ਸਾਂ

ਰੇਤੇ ਦੇ ਵਾਂਗੂ ਬਿਖਰ ਗਏ 

ਉਹ ਜ਼ਖਮ ਬੜੇ ਹੀ ਡੂੰਘੇ ਨੇ 

ਉਹੀ ਗੀਤ ਤਾਂ ਦਰਦ ਪਰੁੰਨੇ ਨੇ 

ਕੁਝ ਗੀਤ ਵੀ ਐਸੇ ਹੁੰਦੇ ਨੇ

ਕੁਝ ਗੀਤ ਹੁੰਦੇ ਅਸਮਾਨ ਜਿਹੇ 

ਸੌਂਦੇ ਨੇ ਸਦਾ ਹੀ ਸੱਥਰਾਂ ਤੇ 

ਫੁੱਲਾਂ ਦੀ ਸੁਗੰਧੀ ਬਣਦੇ ਨੇ 

ਉੱਕਰੇ ਨੇ ਕਰੂੰਬਲਾਂ ਪੱਤਰਾਂ ਤੇ 

ਨਾ ਰੱਬ ਮਾਰੇ ਨਾ ਅੱਗ ਸਾੜੇ 

ਨਾ ਹੁੰਦੇ ਹੋਏ ਵੀ ਹੁੰਦੇ ਨੇ 

ਕੁਝ ਗੀਤ ਵੀ ਐਸੇ ਹੁੰਦੇ ਨੇ।

📝 ਸੋਧ ਲਈ ਭੇਜੋ